ਪੰਜਾਬ ’ਚ 300 ਯੂਨਿਟ ਮੁਫ਼ਤ ਬਿਜਲੀ: 63,702 ਬਿੱਲ ਹੋਣਗੇ ਸੋਧੇ

26

ਪੰਜਾਬ 27 Aug 2026 AJ DI Awaaj

Punjab Desk     : ਪੰਜਾਬ ਵਿੱਚ ਵੱਧ ਜਾਂ ਗਲਤ ਬਿਜਲੀ ਬਿੱਲਾਂ ਤੋਂ ਪਰੇਸ਼ਾਨ ਖਪਤਕਾਰਾਂ ਲਈ ਰਾਹਤ ਦੀ ਖ਼ਬਰ ਹੈ। ਸਰਕਾਰ ਨੇ ਬਿਜਲੀ ਬਿੱਲਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਦੋ ਵਿਸ਼ੇਸ਼ ਹੈਲਪਲਾਈਨ ਨੰਬਰ ਸ਼ੁਰੂ ਕੀਤੇ ਹਨ। ਖਪਤਕਾਰ 1613105055 ਅਤੇ 1616650355 ’ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਸਰਕਾਰ ਮੁਤਾਬਕ ਸ਼ਿਕਾਇਤਾਂ ਦਾ 15 ਦਿਨਾਂ ਅੰਦਰ ਨਿਪਟਾਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਇਸ ਦੇ ਨਾਲ ਹੀ 63,702 ਖਪਤਕਾਰਾਂ ਦੇ ਬਿੱਲ ਦੁਬਾਰਾ ਤਿਆਰ ਕੀਤੇ ਜਾਣਗੇ। ਇਨ੍ਹਾਂ ਖਪਤਕਾਰਾਂ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ ਦੀ ਸਬਸਿਡੀ ਦਾ ਲਾਭ ਨਹੀਂ ਮਿਲ ਸਕਿਆ ਸੀ। ਸਰਕਾਰ ਮੁਤਾਬਕ ਮੀਟਰ ਰੀਡਰਾਂ ਦੀ ਹੜਤਾਲ ਦੌਰਾਨ ਔਸਤ ਖਪਤ ਦੇ ਆਧਾਰ ’ਤੇ ਬਿੱਲ ਜਾਰੀ ਹੋਣ ਕਾਰਨ ਇਹ ਸਮੱਸਿਆ ਪੈਦਾ ਹੋਈ।

ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਮੁਤਾਬਕ ਇਨ੍ਹਾਂ ਖਪਤਕਾਰਾਂ ਨੂੰ ਅਗਲੇ ਤਿੰਨ ਕੰਮਕਾਜੀ ਦਿਨਾਂ ਵਿੱਚ ਸੋਧੇ ਹੋਏ ਬਿੱਲ ਜਾਰੀ ਕੀਤੇ ਜਾਣਗੇ ਅਤੇ ਮਈ-ਜੂਨ ਦੀ 300 ਯੂਨਿਟ ਤੱਕ ਮੁਫ਼ਤ ਬਿਜਲੀ ਦੀ ਸਬਸਿਡੀ ਦਾ ਲਾਭ ਦਿੱਤਾ ਜਾਵੇਗਾ। ਜਿਨ੍ਹਾਂ ਖਪਤਕਾਰਾਂ ਨੇ ਪਹਿਲਾਂ ਹੀ ਬਿੱਲ ਜਮ੍ਹਾ ਕਰਵਾ ਦਿੱਤਾ ਹੈ, ਉਨ੍ਹਾਂ ਦੀ ਵਾਧੂ ਰਕਮ ਅਗਲੇ ਬਿੱਲ ਵਿੱਚ ਐਡਜਸਟ ਕੀਤੀ ਜਾਵੇਗੀ।

ਖਪਤਕਾਰ PSPCL Consumer Services ਐਪ ਰਾਹੀਂ ਵੀ ਬਿਜਲੀ ਬਿੱਲ ਨਾਲ ਸਬੰਧਤ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਸਰਕਾਰ ਨੇ ਹੈਲਪਲਾਈਨ ਦੇ ਸੰਚਾਲਨ ਲਈ 20 ਕਰਮਚਾਰੀਆਂ ਦੀ ਟੀਮ ਵੀ ਤਾਇਨਾਤ ਕੀਤੀ ਹੈ।