ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਤਹਿਗੜ੍ਹ ਸਾਹਿਬ
ਯੋਗ ਦੇ ਸਹੀ ਆਸਣਾਂ ਰਾਹੀਂ ਲੋਕਾਂ ਦੀ ਮਾਨਸਿਕ ਅਤੇ ਸਰੀਰਕ ਸਥਿਤੀ ਵਿਚ ਆ ਰਿਹਾ ਹੈ ਵੱਡਾ ਸੁਧਾਰ
ਫ਼ਤਹਿਗੜ੍ਹ ਸਾਹਿਬ ਅੱਜ ਦੀ ਆਵਾਜ਼ | 29 ਅਪ੍ਰੈਲ 2025
ਪੰਜਾਬ ਸਰਕਾਰ ਵੱਲੋਂ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਲਈ ਚਲਾਈ ਜਾ ਰਹੀ ‘ਸੀ.ਐਮ. ਦੀ ਯੋਗਸ਼ਾਲਾ’ ਨਾਮ ਦੀ ਮੁਹਿੰਮ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਯੋਗ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ‘ਸੀ.ਐਮ. ਦੀ ਯੋਗਸ਼ਾਲਾ’ ਨੂੰ ਸਮਰਪਿਤ ਟ੍ਰੇਨਰ ਇਨ੍ਹਾਂ ਦਿਨਾਂ ਵਿੱਚ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਰੋਜ਼ਾਨਾ 120 ਟ੍ਰੇਨਿੰਗ ਸੈਸ਼ਨ ਲਗਾ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਵਿਧਾ ਮੁਤਾਬਕ ਯੋਗ ਕੈਂਪ, ਰਿਹਾਇਸ਼ੀ ਖੇਤਰਾਂ ਨਜ਼ਦੀਕ ਸਥਿਤ ਸਾਂਝੀਆਂ ਥਾਵਾਂ ਉੱਤੇ ਲਗਾਏ ਜਾ ਰਹੇ ਹਨ ਜਿਸ ਦਾ ਲਾਭ ਕੋਈ ਵੀ ਉਠਾ ਸਕਦਾ ਹੈ।
ਇਸੇ ਦੌਰਾਨ ਖਮਾਣੋਂ ਵਿਖੇ ਤਾਇਨਾਤ ਯੋਗ ਟ੍ਰੇਨਰ ਰਜਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗ ਦੇ ਸਹੀ ਆਸਣਾਂ ਰਾਹੀਂ ਲੋਕਾਂ ਦੀ ਮਾਨਸਿਕ ਅਤੇ ਸਰੀਰਕ ਸਥਿਤੀ ਵਿਚ ਵੱਡਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿਯਮਤ ਅਭਿਆਸ ਨਾਲ ਤਨ ਮਨ ਤਰੋਤਾਜ਼ਾ ਰਹਿੰਦਾ ਹੈ ਅਤੇ ਦਿਨ ਭਰ ਊਰਜਾ ਸ਼ਕਤੀ ਮਜ਼ਬੂਤ ਰਹਿੰਦੀ ਹੈ।
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਸੀ.ਐਮ ਦੀ ਯੋਗਸ਼ਾਲਾ ਦੇ ਕੋਆਰਡੀਨੇਟਰ ਰਮਨਜੀਤ ਕੌਰ ਅਨੁਸਾਰ ਯੋਗ ਨਾ ਸਿਰਫ ਇੱਕ ਪ੍ਰਾਚੀਨ ਅਭਿਆਸ ਹੈ ਸਗੋਂ ਇਹ ਜੀਵਨ ਦੀ ਗੁਣਵੱਤਾ ਨੂੰ ਸੁਧਾਰਨ ਦਾ ਵੀ ਪ੍ਰਭਾਵਸ਼ਾਲੀ ਮਾਧਿਅਮ ਹੈ। ਰਮਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ 76694-00500 ਸਥਾਪਤ ਕੀਤਾ ਹੋਇਆ ਹੈ ਜਿੱਥੇ ਲੋਕ, ਯੋਗਾ ਇੰਸਟ੍ਰਕਟਰ ਦੀਆਂ ਸੇਵਾਵਾਂ ਹਾਸਲ ਕਰਨ ਲਈ ਮਿਸਡ ਕਾਲ ਦੇ ਸਕਦੇ ਹਨ ਅਤੇ ਜਾਂ ਫਿਰ ਆਪਣੇ ਆਪ ਨੂੰ cmdiyogshala.punjab.gov.in ਵੈਬਸਾਈਟ ਉਤੇ ਵੀ ਰਜਿਸਟਰ ਕਰ ਸਕਦੇ ਹਨ।
