05 ਨਵੰਬਰ, 2025 ਅਜ ਦੀ ਆਵਾਜ਼
International Desk: ਨਿਊਯਾਰਕ ਚੋਣਾਂ ਵਿੱਚ ਭਾਰਤੀ ਮੂਲ ਦੇ ਡੈਮੋਕ੍ਰੇਟਿਕ ਉਮੀਦਵਾਰ ਜ਼ੋਹਰਾਨ ਮਮਦਾਨੀ ਨੇ ਜਿੱਤ ਦਰਜ ਕੀਤੀ ਹੈ ਅਤੇ ਇਸ ਨਾਲ ਉਹ ਨਿਊਯਾਰਕ ਦੇ ਪਹਿਲੇ ਭਾਰਤੀ-ਅਮਰੀਕੀ ਅਤੇ ਮੁਸਲਿਮ ਮੇਅਰ ਬਣ ਗਏ ਹਨ। 34 ਸਾਲਾ ਮਮਦਾਨੀ ਨੇ ਸਾਬਕਾ ਗਵਰਨਰ ਐਂਡਰਿਊ ਕੁਓਮੋ ਨੂੰ ਹਰਾਇਆ, ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ। ਮਮਦਾਨੀ 7 ਸਾਲ ਦੀ ਉਮਰ ਵਿੱਚ ਨਿਊਯਾਰਕ ਆਏ ਸਨ। ਉਹਦੇ ਪਿਤਾ, ਮਹਿਮੂਦ ਮਮਦਾਨੀ, ਯੂਗਾਂਡਾ ਦੇ ਪ੍ਰਸਿੱਧ ਲੇਖਕ ਅਤੇ ਭਾਰਤੀ ਮੂਲ ਦੇ ਮਾਰਕਸਵਾਦੀ ਵਿਦਵਾਨ ਹਨ, ਅਤੇ ਮਾਂ, ਮੀਰਾ ਨਾਇਰ, ਪੁਰਸਕਾਰ ਜੇਤੂ ਭਾਰਤੀ-ਅਮਰੀਕੀ ਫਿਲਮ ਨਿਰਮਾਤਾ ਹਨ।
ਮਮਦਾਨੀ ਨੇ ਡੈਮੋਕ੍ਰੇਟਿਕ ਸੋਸ਼ਲਿਸਟ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ, ਦੱਖਣੀ ਏਸ਼ੀਆਈ ਮੂਲ ਦੇ ਪਹਿਲੇ ਵਿਅਕਤੀ ਅਤੇ ਪਹਿਲੇ ਅਫਰੀਕੀ-ਜਨਮੇ ਮੈਅਰ ਵਜੋਂ ਇਤਿਹਾਸ ਰਚਿਆ ਹੈ। ਉਹ 1 ਜਨਵਰੀ 2026 ਤੋਂ ਅਹੁਦਾ ਸੰਭਾਲਣਗੇ ਅਤੇ ਇਸ ਸਦੀ ਦੇ ਸਭ ਤੋਂ ਘੱਟ ਉਮਰ ਦੇ ਮੇਅਰ ਬਣਨਗੇ। ਇਸ ਚੋਣ ਵਿੱਚ 50 ਸਾਲਾਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਧ ਵੋਟਿੰਗ ਹੋਈ, ਜਿੱਥੇ 20 ਲੱਖ ਤੋਂ ਵੱਧ ਨਿਊਯਾਰਕ ਵਾਸੀਆਂ ਨੇ ਵੋਟ ਦਿੱਤੇ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਮਦਾਨੀ ਨੂੰ ਮੇਅਰ ਬਣਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਪਰ ਮਮਦਾਨੀ ਨੇ ਫਿਰ ਵੀ ਜਿੱਤ ਹਾਸਲ ਕੀਤੀ। ਚੋਣ ਵਿੱਚ ਜਿੱਤਣ ਤੋਂ ਬਾਅਦ ਮਮਦਾਨੀ ਨੇ ਆਪਣੇ ਵਾਅਦਿਆਂ ਨੂੰ ਯਾਦ ਦਿਲਾਇਆ, ਜਿਨ੍ਹਾਂ ਵਿੱਚ ਘਰਾਂ ਦੇ ਕਿਰਾਏ ਨੂੰ ਵਧਾਉਣ ਤੋਂ ਰੋਕ, ਮੁਫ਼ਤ ਸਰਕਾਰੀ ਬੱਸ ਸੇਵਾਵਾਂ, 6 ਹਫ਼ਤਿਆਂ ਤੋਂ 5 ਸਾਲ ਉਮਰ ਦੇ ਬੱਚਿਆਂ ਲਈ ਮੁਫ਼ਤ ਡੇਅਕੇਅਰ ਅਤੇ ਸਸਤਾ ਭੋਜਨ ਪ੍ਰਦਾਨ ਕਰਨਾ ਸ਼ਾਮਲ ਹੈ।
ਮਮਦਾਨੀ ਦਾ ਜਨਮ ਯੂਗਾਂਡਾ ਵਿੱਚ ਹੋਇਆ ਸੀ, ਪਰ ਉਹਦਾ ਬਚਪਨ ਨਿਊਯਾਰਕ ਵਿੱਚ ਬਿਤਾਇਆ ਗਿਆ ਅਤੇ 2018 ਵਿੱਚ ਉਹ ਅਮਰੀਕੀ ਨਾਗਰਿਕ ਬਣੇ।












