ਰੂਪਨਗਰ, 6 ਅਗਸਤ 2026 AJ DI Awaaj
Punjab Desk : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਰੂਪਨਗਰ ਡਾ. ਬੌਬੀ ਗੁਲਾਟੀ ਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸਾਰਿਕਾ ਦੇ ਮਾਰਗਦਰਸ਼ਨ ਹੇਠ ਅੱਜ ਪਿੰਡ ਹਵੇਲੀ ਕਲਾਂ ਸਥਿਤ ਕ੍ਰਿਸ਼ਨਾ ਮੰਦਰ ਵਿਖੇ ਮਮਤਾ ਦਿਵਸ ਮਨਾਇਆ ਗਿਆ। ਇਸ ਮੌਕੇ 01 ਅਗਸਤ ਤੋਂ 07 ਅਗਸਤ ਤੱਕ ਮਨਾਏ ਜਾ ਰਹੇ ਵਿਸ਼ਵ ਮਾਂ ਦਾ ਦੁੱਧ ਪਿਲਾਉਣ ਹਫ਼ਤੇ ਤਹਿਤ ਗਰਭਵਤੀ ਮਹਿਲਾਵਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।
ਇਸ ਮੌਕੇ ਏ.ਐੱਨ.ਐੱਮ. ਅੰਮ੍ਰਿਤ ਕੌਰ ਨੇ ਹਾਜ਼ਰ ਮਾਵਾਂ ਨੂੰ ਦੱਸਿਆ ਕਿ ਨਵਜੰਮੇ ਬੱਚੇ ਲਈ ਮਾਂ ਦਾ ਦੁੱਧ ਸਭ ਤੋਂ ਉੱਤਮ, ਸੰਪੂਰਨ ਅਤੇ ਕੁਦਰਤੀ ਆਹਾਰ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਛੇ ਮਹੀਨਿਆਂ ਤੱਕ ਕੇਵਲ ਮਾਂ ਦਾ ਦੁੱਧ ਹੀ ਪਿਲਾਇਆ ਜਾਣਾ ਚਾਹੀਦਾ ਹੈ ਅਤੇ ਇਸ ਦੌਰਾਨ ਬੱਚੇ ਨੂੰ ਪਾਣੀ, ਸ਼ਹਿਦ ਜਾਂ ਹੋਰ ਕੋਈ ਵੀ ਤਰਲ ਜਾਂ ਠੋਸ ਆਹਾਰ ਨਹੀਂ ਦੇਣਾ ਚਾਹੀਦਾ।
ਉਨ੍ਹਾਂ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ, ਉਸ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਕਈ ਗੰਭੀਰ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਹੀ ਮਾਂ ਲਈ ਵੀ ਦੁੱਧ ਪਿਲਾਉਣਾ ਸਿਹਤ ਦੇ ਪੱਖੋਂ ਲਾਭਕਾਰੀ ਹੁੰਦਾ ਹੈ।
ਇਸ ਕੈਂਪ ਦੌਰਾਨ ਮਾਪਿਆਂ ਨੂੰ ਐੱਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਵੈਕਸੀਨ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਰਿਵਾਰਾਂ ਦੀਆਂ ਬੇਟੀਆਂ 14 ਸਾਲ ਦੀ ਉਮਰ ਪੂਰੀ ਕਰਕੇ 15ਵੇਂ ਸਾਲ ਵਿੱਚ ਦਾਖ਼ਲ ਹੋ ਚੁੱਕੀਆਂ ਹਨ, ਉਹ ਆਪਣੀਆਂ ਬੇਟੀਆਂ ਨੂੰ ਇਹ ਵੈਕਸੀਨ ਜ਼ਰੂਰ ਲਗਵਾਉਣ। ਇਹ ਵੈਕਸੀਨ ਸਰਵਾਈਕਲ (ਬੱਚੇਦਾਨੀ ਦੇ ਮੂੰਹ) ਦੇ ਕੈਂਸਰ ਤੋਂ ਬਚਾਅ ਲਈ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦੀ ਹੈ।
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਮਾਂ ਦੇ ਦੁੱਧ ਪਿਲਾਉਣ ਸਬੰਧੀ ਭਰਮਾਂ ਤੋਂ ਦੂਰ ਰਹਿਣ, ਨਵਜੰਮੇ ਬੱਚਿਆਂ ਨੂੰ ਪਹਿਲੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣ ਅਤੇ ਯੋਗ ਉਮਰ ਦੀਆਂ ਬੇਟੀਆਂ ਦਾ ਐੱਚ.ਪੀ.ਵੀ. ਟੀਕਾਕਰਨ ਕਰਵਾ ਕੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਸੁਰੱਖਿਅਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।



















