08 May 2026 Aj Di Awaaj
ਲਾਈਫਸਟਾਈਲ ਡੈਸਕ : ਅਟਲਾਂਟਿਕ ਕਰੂਜ਼ ਸ਼ਿਪ ‘ਤੇ ਹੰਟਾਵਾਇਰਸ (Hantavirus) ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਚਿੰਤਾ ਵੱਧ ਗਈ ਹੈ। ਕਈ ਲੋਕ ਇਹ ਸੋਚ ਰਹੇ ਹਨ ਕਿ ਕੀ ਦੁਬਾਰਾ ਕੋਵਿਡ-19 ਵਾਂਗ ਹਾਲਾਤ ਬਣ ਸਕਦੇ ਹਨ, ਕੀ ਮੁੜ ਮਾਸਕ ਲਾਜ਼ਮੀ ਹੋਣਗੇ ਅਤੇ ਲੌਕਡਾਊਨ ਲੱਗ ਸਕਦਾ ਹੈ। ਇਸ ਮਾਮਲੇ ‘ਤੇ ਹੁਣ ਵਿਸ਼ਵ ਸਿਹਤ ਸੰਸਥਾ (WHO) ਨੇ ਸਥਿਤੀ ਸਪੱਸ਼ਟ ਕੀਤੀ ਹੈ।
WHO ਦੀ ਪ੍ਰੈੱਸ ਕਾਨਫਰੰਸ ਦੌਰਾਨ ਵਿਸ਼ਵ ਮਹਾਮਾਰੀ ਪ੍ਰਬੰਧਨ ਵਿਭਾਗ ਦੀ ਨਿਰਦੇਸ਼ਕ ਡਾ. ਮਾਰੀਆ ਵੈਨ ਕੇਰਖੋਵ ਨੇ ਕਿਹਾ ਕਿ ਹੰਟਾਵਾਇਰਸ ਨੂੰ ਕੋਵਿਡ ਜਾਂ ਇਨਫਲੂਐਂਜ਼ਾ ਨਾਲ ਤੁਲਨਾ ਕਰਨਾ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਵਾਇਰਸ ਬਿਲਕੁਲ ਵੱਖਰੇ ਤਰੀਕੇ ਨਾਲ ਫੈਲਦਾ ਹੈ ਅਤੇ ਇਸ ਸਮੇਂ ਕਰੂਜ਼ ‘ਤੇ ਕੋਈ ਵੀ ਨਵਾਂ ਲੱਛਣਾਂ ਵਾਲਾ ਮਰੀਜ਼ ਸਾਹਮਣੇ ਨਹੀਂ ਆਇਆ।
ਉਨ੍ਹਾਂ ਦੇ ਮੁਤਾਬਕ, ਐਂਡੀਜ਼ ਸਟ੍ਰੇਨ ਵਾਲੇ ਹੰਟਾਵਾਇਰਸ ਦੇ ਕੁਝ ਮਾਮਲਿਆਂ ਵਿੱਚ ਮਨੁੱਖ ਤੋਂ ਮਨੁੱਖ ਤਕ ਸੰਕਰਮਣ ਦੇ ਕੇਸ ਵੇਖੇ ਗਏ ਹਨ, ਪਰ ਇਹ ਸਿਰਫ਼ ਬਹੁਤ ਨਜ਼ਦੀਕੀ ਸੰਪਰਕ ਰਾਹੀਂ ਹੀ ਫੈਲਦਾ ਹੈ।
WHO ਦੇ ਐਮਰਜੈਂਸੀ ਹੈਲਥ ਪ੍ਰੋਗਰਾਮ ਨਾਲ ਜੁੜੇ ਡਾ. ਅਬਦਿਰਹਮਾਨ ਮਹਿਮੂਦ ਨੇ ਦੱਸਿਆ ਕਿ 2018-19 ਵਿੱਚ ਅਰਜਨਟੀਨਾ ਵਿੱਚ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਸਨ। ਇੱਕ ਸੰਕਰਮਿਤ ਵਿਅਕਤੀ ਦੇ ਸਮਾਜਿਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਈ ਲੋਕ ਬਿਮਾਰ ਹੋ ਗਏ ਸਨ। ਹਾਲੀਆ ਕਰੂਜ਼ ਮਾਮਲੇ ਵਿੱਚ ਵੀ ਕਲੋਜ਼ ਕੰਟੈਕਟ ਕਾਰਨ ਹੀ ਇਨਫੈਕਸ਼ਨ ਫੈਲਣ ਦੀ ਸੰਭਾਵਨਾ ਜਤਾਈ ਗਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੰਟੈਕਟ ਟ੍ਰੇਸਿੰਗ, ਆਈਸੋਲੇਸ਼ਨ ਅਤੇ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ ਤਾਂ ਸੰਕਰਮਣ ਦੀ ਲੜੀ ਨੂੰ ਤੋੜਿਆ ਜਾ ਸਕਦਾ ਹੈ। WHO ਮੁਤਾਬਕ ਇਸ ਵੇਲੇ ਕਿਸੇ ਵੱਡੀ ਗਲੋਬਲ ਮਹਾਮਾਰੀ ਦੀ ਸੰਭਾਵਨਾ ਨਹੀਂ ਦਿਖ ਰਹੀ।
ਹੰਟਾਵਾਇਰਸ ਅਤੇ ਕੋਵਿਡ-19 ਵਿੱਚ ਕੀ ਫਰਕ?
ਹੰਟਾਵਾਇਰਸ ਆਮ ਤੌਰ ‘ਤੇ ਚੂਹਿਆਂ ਦੇ ਪਿਸ਼ਾਬ, ਮਲ ਜਾਂ ਲਾਰ ਨਾਲ ਸੰਪਰਕ ਵਿੱਚ ਆਉਣ ਕਾਰਨ ਮਨੁੱਖਾਂ ਤੱਕ ਪਹੁੰਚਦਾ ਹੈ। ਦੂਜੇ ਪਾਸੇ ਕੋਵਿਡ-19 ਇੱਕ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਰੈਸਪੀਰੇਟਰੀ ਵਾਇਰਸ ਸੀ, ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਆਸਾਨੀ ਨਾਲ ਫੈਲ ਜਾਂਦਾ ਸੀ।
ਭਾਵੇਂ ਹੰਟਾਵਾਇਰਸ ਗੰਭੀਰ ਸਾਹ ਸਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਅਤੇ ਕਈ ਮਾਮਲਿਆਂ ਵਿੱਚ ਜਾਨਲੇਵਾ ਵੀ ਸਾਬਤ ਹੁੰਦਾ ਹੈ, ਪਰ ਇਸ ਦੇ ਵੱਡੇ ਪੱਧਰ ‘ਤੇ ਮਹਾਮਾਰੀ ਬਣਨ ਦੀ ਸੰਭਾਵਨਾ ਕਾਫ਼ੀ ਘੱਟ ਮੰਨੀ ਜਾਂਦੀ ਹੈ।
ਕਰੂਜ਼ ਸ਼ਿਪ ‘ਤੇ ਕਿਵੇਂ ਫੈਲਿਆ ਵਾਇਰਸ?
ਮਾਹਿਰਾਂ ਮੁਤਾਬਕ ਹਾਲੀਆ ਮਾਮਲੇ ਵਿੱਚ ਐਂਡੀਜ਼ ਸਟ੍ਰੇਨ ਸ਼ਾਮਲ ਸੀ, ਜੋ ਹੰਟਾਵਾਇਰਸ ਦੀ ਉਹ ਵਿਰਲੀ ਕਿਸਮ ਹੈ ਜੋ ਮਨੁੱਖਾਂ ਵਿਚਕਾਰ ਵੀ ਫੈਲ ਸਕਦੀ ਹੈ। ਹਾਲਾਂਕਿ ਇਸ ਲਈ ਲੰਬੇ ਸਮੇਂ ਦਾ ਨਜ਼ਦੀਕੀ ਸੰਪਰਕ ਲਾਜ਼ਮੀ ਹੁੰਦਾ ਹੈ। ਇਸ ਕਰਕੇ WHO ਨੇ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
Related














