Delhi 28/05/2025 AJ DI Awaaj
ਭਾਰਤ ਵੱਲੋਂ ਆਤਮਨਿਰਭਰਤਾ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾਣ ਵਾਲਾ ਕਾਵੇਰੀ ਇੰਜਣ ਪ੍ਰੋਜੈਕਟ 1989 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸਦਾ ਮਕਸਦ ਸੀ ਕਿ ਭਾਰਤ ਇੱਕ ਐਸਾ ਦੇਸੀ ਟਰਬੋਫੈਨ ਇੰਜਣ ਤਿਆਰ ਕਰੇ ਜੋ ਲੜਾਕੂ ਜਹਾਜ਼ਾਂ ਨੂੰ ਤੇਜ਼ ਗਤੀ ਅਤੇ ਉਤਕ੍ਰਿਸ਼ਟ ਪ੍ਰਦਰਸ਼ਨ ਦੀ ਸਮਰੱਥਾ ਦੇ ਸਕੇ। ਇਸਨੂੰ ਖ਼ਾਸ ਕਰਕੇ ਤੇਜਸ ਫਾਈਟਰ ਜੈੱਟ ਲਈ ਡਿਜ਼ਾਈਨ ਕੀਤਾ ਗਿਆ ਸੀ।
ਹਾਲਾਂਕਿ ਸਮੇਂ ਦੇ ਨਾਲ ਇਹ ਪ੍ਰੋਜੈਕਟ ਕਈ ਸਮੱਸਿਆਵਾਂ ‘ਚ ਫਸ ਗਿਆ। ਸਭ ਤੋਂ ਵੱਡੀਆਂ ਚੁਣੌਤੀਆਂ ਸਨ: ਤਕਨੀਕੀ ਘਾਟ, ਲੋੜੀਂਦੇ ਮਟੀਰੀਅਲ ਦੀ ਕਮੀ ਅਤੇ ਸੀਮਤ ਫੰਡ। ਇਸ ਤੋਂ ਇਲਾਵਾ, ਪੱਛਮੀ ਦੇਸ਼ਾਂ ਦੀ ਦੋਹਰੀ ਨੀਤੀ ਨੇ ਵੀ ਇਸ ਪ੍ਰੋਜੈਕਟ ਨੂੰ ਪਿੱਛੇ ਧੱਕਿਆ, ਜਿਨ੍ਹਾਂ ਨੇ ਭਾਰਤ ਨੂੰ ਸਿਰਫ਼ ਹਥਿਆਰਾਂ ਦਾ ਖਰੀਦਦਾਰ ਸਮਝਦਿਆਂ ਤਕਨੀਕੀ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ।
ਓਪਰੇਸ਼ਨ ਸਿੰਦੂਰ ਵਰਗੀਆਂ ਕਾਰਵਾਈਆਂ ਨੇ ਸਾਬਤ ਕਰ ਦਿੱਤਾ ਕਿ ਭਾਰਤ ਨੂੰ ਹੁਣ ਆਪਣੇ ਪਾਵਰਫੁਲ ਇੰਜਣ ਦੀ ਲੋੜ ਹੈ, ਜੋ ਵੈਰੀ ਦੇ ਇਲਾਕੇ ਵਿੱਚ ਘੁੱਸ ਕੇ ਮਿਸ਼ਨ ਸਫਲ ਕਰ ਸਕਣ। ਕਾਵੇਰੀ ਇੰਜਣ ਦੀ ਇੱਕ ਵੱਡੀ ਉਪਲਬਧੀ ਇੱਕ ਉੱਚ ਸਮਰੱਥਾ ਵਾਲੇ ਫੈਨ ਦਾ ਵਿਕਾਸ ਹੈ ਜੋ ਜ਼ਿਆਦਾ ਹਵਾ ਲੈ ਕੇ ਵਧੀਆ ਥ੍ਰਸਟ ਪੈਦਾ ਕਰਦਾ ਹੈ। ਇਹ ਡਿਜ਼ਾਈਨ ਸਾਂਪ ਦੇ ਆਕਾਰ ਤੋਂ ਪ੍ਰੇਰਿਤ ਹੈ।
ਮੈਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਮੁਹਿੰਮਾਂ ਦੇ ਕਾਰਨ ਹੁਣ ਕਾਵੇਰੀ ਇੰਜਣ ਨੂੰ ਨਵੀਂ ਰਫ਼ਤਾਰ ਮਿਲ ਰਹੀ ਹੈ। ਸਰਕਾਰ DRDO ਨੂੰ ਹਰ ਸਾਲ ₹100 ਕਰੋੜ ਰੁਪਏ ਦੀ ਫੰਡਿੰਗ ਦੇ ਰਹੀ ਹੈ ਤਾਂ ਜੋ ਇਹ ਪ੍ਰੋਜੈਕਟ ਮੁੜ ਰਾਹ ‘ਤੇ ਆ ਸਕੇ।
ਰਾਫੇਲ ਕਨੈਕਸ਼ਨ: ਭਾਰਤ ਨੇ ਫਰਾਂਸ ਤੋਂ ਰਾਫੇਲ ਜਹਾਜ਼ ਤਾਂ ਖਰੀਦੇ ਹਨ, ਪਰ ਸੋਰਸ ਕੋਡ (Source Code) ਨਹੀਂ ਮਿਲਿਆ। ਇਹ ਕੋਡ ਦੱਸਦਾ ਹੈ ਕਿ ਜਹਾਜ਼ ਦਾ ਸਿਸਟਮ ਕਿਵੇਂ ਕੰਮ ਕਰਦਾ ਹੈ, ਜਿਵੇਂ ਕਿ ਮਿਸਾਈਲ ਲਾਂਚ, ਟਾਰਗੇਟਿੰਗ ਸਿਸਟਮ, ਰਾਡਾਰ ਕੰਟਰੋਲ ਆਦਿ। ਇਸ ਕੋਡ ਦੀ ਗੈਰਮੌਜੂਦਗੀ ਕਰਕੇ ਭਾਰਤ ਰਾਫੇਲ ਨੂੰ ਆਪਣੀ ਲੋੜ ਮੁਤਾਬਕ ਪੂਰੀ ਤਰ੍ਹਾਂ ਮੋਡੀਫਾਈ ਨਹੀਂ ਕਰ ਸਕਦਾ।
ਇਸ ਕਰਕੇ, ਦੇਸੀ ਇੰਜਣ ਤਕਨੀਕ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਕਾਵੇਰੀ ਇੰਜਣ ਦੀ ਸਫਲਤਾ ਨਾ ਸਿਰਫ਼ ਭਾਰਤ ਨੂੰ ਰੱਖਿਆ ਖੇਤਰ ਵਿੱਚ ਆਤਮਨਿਰਭਰ ਬਣਾਏਗੀ, ਸਗੋਂ ਉਨ੍ਹਾਂ ਤਕਨੀਕੀ ਤਾਕਤਵਰ ਦੇਸ਼ਾਂ ਦੀ ਕਤਾਰ ਵਿੱਚ ਖੜਾ ਕਰੇਗੀ ਜੋ ਗਲੋਬਲ ਪੱਧਰ ‘ਤੇ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਾਉਂਦੇ ਹਨ।
