ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ-2027

1
ਸੰਗਰੂਰ, 9 ਸਤੰਬਰ 2026 AJ DI Awaaj
Punjab Desk :     ਡਿਪਟੀ ਡਾਇਰੈਕਟਰ, ਮਾਈ ਭਾਰਤ ਸੰਗਰੂਰ ਰਾਹੁਲ ਸੈਣੀ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ( ਵੀ.ਬੀ.ਵਾਈ.ਐਲ.ਡੀ.)-2027 ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਪਹਿਲ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ, ਲੀਡਰਸ਼ਿਪ ਸਮਰੱਥਾ, ਰਚਨਾਤਮਕਤਾ ਅਤੇ ਨਵੇਂ ਵਿਚਾਰਾਂ ਨੂੰ ਰਾਸ਼ਟਰੀ ਪੱਧਰ ’ਤੇ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਉਨ੍ਹਾਂ ਯੋਗ ਨੌਜਵਾਨਾਂ ਨੂੰ ਮਾਈ ਭਾਰਤ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਕੇ ਵੀ.ਬੀ.ਵਾਈ.ਐਲ.ਡੀ ਕਵਿਜ਼ ਵਿੱਚ ਭਾਗ ਲੈਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਵੀ.ਬੀ.ਵਾਈ.ਐਲ.ਡੀ -2027 ਨੌਜਵਾਨਾਂ ਦੀ ਸੋਚ ਅਤੇ ਸਮਰੱਥਾ ਨੂੰ ਦੇਸ਼ ਦੇ ਵਿਕਾਸ ਨਾਲ ਜੋੜਨ ਵਾਲਾ ਮੰਚ ਹੈ। ਇਸ ਰਾਹੀਂ ਨੌਜਵਾਨਾਂ ਨੂੰ ‘ਵਿਕਸਿਤ ਭਾਰਤ @2047’ ਦੇ ਨਿਰਮਾਣ ਲਈ ਆਪਣੇ ਵਿਚਾਰ ਅਤੇ ਸੁਝਾਅ ਸਾਹਮਣੇ ਲਿਆਉਣ ਦਾ ਮੌਕਾ ਮਿਲੇਗਾ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ 17 ਅਗਸਤ 2026 ਨੂੰ 15 ਤੋਂ 29 ਸਾਲ ਦੀ ਉਮਰ ਵਾਲੇ ਨੌਜਵਾਨ ਇਸ ਵਿੱਚ ਭਾਗ ਲੈਣ ਦੇ ਯੋਗ ਹਨ। ਵੀ.ਬੀ.ਵਾਈ.ਐਲ.ਡੀ -2027 ਤਹਿਤ ਛੇ ਮੁੱਖ ਟ੍ਰੈਕ—ਵਿਕਸਿਤ ਭਾਰਤ ਚੈਲੈਂਜ, ਕਲਚਰਲ ਟ੍ਰੈਕ, ਡਿਜ਼ਾਈਨ ਫਾਰ ਭਾਰਤ, ਹੈਕ ਫਾਰ ਸੋਸ਼ਲ ਕਾਜ਼, ਯੂਥ ਐਂਟਰਪ੍ਰਿਨਿਊਰਜ਼ ਚੈਲੈਂਜ ਅਤੇ ਯੂਥ ਪਾਰਲੀਮੈਂਟ—ਸ਼ਾਮਲ ਹਨ। ਇਨ੍ਹਾਂ ਰਾਹੀਂ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਅਤੇ ਵਿਚਾਰਕ ਸਮਰੱਥਾ ਵਿਖਾਉਣ ਦਾ ਮੌਕਾ ਮਿਲੇਗਾ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ.ਬੀ.ਵਾਈ.ਐਲ.ਡੀ -2026 ਵਿੱਚ ਦੇਸ਼ ਭਰ ਤੋਂ 50 ਲੱਖ ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ ਸੀ, ਜੋ ਇਸ ਰਾਸ਼ਟਰੀ ਪ੍ਰੋਗਰਾਮ ਪ੍ਰਤੀ ਨੌਜਵਾਨਾਂ ਦੇ ਉਤਸ਼ਾਹ ਨੂੰ ਦਰਸਾਉਂਦਾ ਹੈ।
ਉਨ੍ਹਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਐਨ.ਐਸ.ਐਸ./ਐਨ.ਸੀ.ਸੀ. ਇਕਾਈਆਂ, ਯੂਥ ਕਲੱਬਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਯੋਗ ਨੌਜਵਾਨਾਂ ਤੱਕ ਵੀ.ਬੀ.ਵਾਈ.ਐਲ.ਡੀ 2027 -ਸਬੰਧੀ ਜਾਣਕਾਰੀ ਪਹੁੰਚਾਈ ਜਾਵੇ ਅਤੇ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਕਰਵਾ ਕੇ ਇਸ ਮੌਕੇ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾਵੇ।
ਡਿਪਟੀ ਡਾਇਰੈਕਟਰ ਨੇ ਕਿਹਾ ਕਿ ਸੰਗਰੂਰ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਅਤੇ ਨਵੇਂ ਵਿਚਾਰਾਂ ਦੀ ਕੋਈ ਘਾਟ ਨਹੀਂ ਹੈ ਅਤੇ ਵੀ.ਬੀ.ਵਾਈ.ਐਲ.ਡੀ -2027 ਉਨ੍ਹਾਂ ਲਈ ਆਪਣੀ ਸੋਚ ਨੂੰ ਦੇਸ਼ ਦੇ ਭਵਿੱਖ ਨਾਲ ਜੋੜਨ ਦਾ ਸਾਰਥਕ ਮੰਚ ਹੈ। ਉਨ੍ਹਾਂ ਮੀਡੀਆ ਨੂੰ ਵੀ ਵੀ.ਬੀ.ਵਾਈ.ਐਲ.ਡੀ ਕਵਿਜ਼ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਵੀ.ਬੀ.ਵਾਈ.ਐਲ.ਡੀ -2027 ਦਾ ਗ੍ਰੈਂਡ ਨੈਸ਼ਨਲ ਪ੍ਰੋਗਰਾਮ 10 ਤੋਂ 12 ਜਨਵਰੀ 2027 ਤੱਕ ਨਵੀਂ ਦਿੱਲੀ ਵਿਖੇ ਕਰਵਾਇਆ ਜਾਵੇਗਾ, ਜਿਸ ਵਿੱਚ ਚੁਣੇ ਗਏ ਨੌਜਵਾਨਾਂ ਨੂੰ ਰਾਸ਼ਟਰੀ ਪੱਧਰ ਦੇ ਸੰਵਾਦ ਵਿੱਚ ਆਪਣੀ ਸੋਚ ਅਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲੇਗਾ।