ਵਿਜੀਲੈਂਸ ਬਿਊਰੋ ਨੇ ਸਟੇਟ ਬੈਂਕ ਵਿੱਚ ਹੋਏ ਕਰੋੜਾਂ ਦੇ ਘੋਟਾਲੇ ‘ਚ ਸ਼ਾਮਲ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ – ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ

60

ਵਿਜੀਲੈਂਸ ਬਿਊਰੋ, ਪੰਜਾਬ

ਚੰਡੀਗੜ੍ਹ, 5 ਫਰਵਰੀ 2025: Aj Di Awaaj

ਪੰਜਾਬ ਵਿਜੀਲੈਂਸ ਬਿਊਰੋ ਨੇ ਸਟੇਟ ਬੈਂਕ ਆਫ਼ ਪਟਿਆਲਾ (ਹੁਣ ਸਟੇਟ ਬੈਂਕ ਆਫ਼ ਇੰਡੀਆ) ਦੀ ਸ਼ਾਖਾ, ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਿੱਚ ਹੋਏ ਬਹੁ-ਕਰੋੜੀ ਘੋਟਾਲੇ ਵਿੱਚ ਨਾਮਜ਼ਦ ਦੋਸ਼ੀ ਸਤਨਾਮ ਸਿੰਘ ਅਤੇ ਸਰਬਜੀਤ ਸਿੰਘ ਨੰਬਰਦਾਰ, ਦੋਵੇਂ ਨਿਵਾਸੀ ਪਿੰਡ ਸਰੂਪਵਾਲ, ਤਹਿਸੀਲ ਸੁਲਤਾਨਪੁਰ ਲੋਧੀ, ਨੂੰ ਗ੍ਰਿਫ਼ਤਾਰ ਕੀਤਾ ਹੈ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੱਤ ਸਾਲ ਪਹਿਲਾਂ ਦਰਜ ਕੀਤੀ ਗਈ ਵਿਜੀਲੈਂਸ ਜਾਂਚ ਦੀ ਪੜਤਾਲ ‘ਤੇ ਅਧਾਰਿਤ, ਮਾਮਲਾ ਨੰਬਰ 05, ਮਿਤੀ 09-03-2017 ਨੂੰ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਨਿਵਾਰਣ ਐਕਟ ਦੀ ਧਾਰਾ 13(1) ਸਮੇਤ 13(2) ਹੇਠ ਵਿਜੀਲੈਂਸ ਬਿਊਰੋ ਥਾਣਾ, ਜਲੰਧਰ ਰੇਂਜ ‘ਚ ਦਰਜ ਕੀਤਾ ਗਿਆ ਸੀ

ਉਕਤ ਦੋਸ਼ੀਆਂ ਨੇ ਬੈਂਕ ਦੇ ਸ਼ਾਖਾ ਪ੍ਰਬੰਧਕ ਅਤੇ ਹੋਰ ਕਰਮਚਾਰੀਆਂ ਸਮੇਤ ਆਮ ਲੋਕਾਂ ਅਤੇ ਰਾਜਸਵ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲਭਗਤ ਕਰਕੇ ਧੋਖੇਬਾਜ਼ੀ ਅਤੇ ਭ੍ਰਿਸ਼ਟਾਚਾਰ ਰਾਹੀਂ ਬੈਂਕ ਕੋਸ਼ ਵਿੱਚੋਂ ਕ੍ਰੈਡਿਟ/ਲਿਮਟ ਲੈ ਕੇ ਗ਼ਬਨ ਕੀਤਾ ਸੀਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ 30-04-2016 ਤੱਕ 14 ਕਰਜ਼ਾ ਫਾਈਲਾਂ ਰਾਹੀਂ ਲਗਭਗ 3 ਕਰੋੜ 71 ਲੱਖ ਰੁਪਏ ਦੀ ਹੇਰਾਫੇਰੀ ਕੀਤੀ ਗਈ

ਇਸ ਘੋਟਾਲੇ ਦੌਰਾਨ, ਦੋਸ਼ੀਆਂ ਨੇ ਅਧੂਰੀ ਰਿਪੋਰਟਾਂ ਅਤੇ ਗਾਰੰਟਰ ਡੀਡ ਪ੍ਰਾਪਤ ਕਰਕੇ ਨਿੱਜੀ ਵਿਅਕਤੀਆਂ ਅਤੇ ਰਾਜਸਵ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲਭਗਤ ਕਰਕੇ ਜਾਲਸਾਜ਼ੀ ਰਾਹੀਂ ਨਕਲੀ ਜ਼ਮੀਨਾਂ ‘ਤੇ ਨਕਲੀ ਵਿਅਕਤੀਆਂ ਦੇ ਨਾਂ ‘ਤੇ ਬੈਂਕ ਕਰਜ਼ੇ ਮਨਜ਼ੂਰ ਕਰਵਾਏਲੋਣ ਲੈਣ ਵਾਲਿਆਂ ਦੀ ਜ਼ਮੀਨ ਉਨ੍ਹਾਂ ਦੀ ਮਲਕੀਅਤ ‘ਚ ਨਾ ਹੋਣ ਦੇ ਬਾਵਜੂਦ, ਪੰਜਾਬ ਸਰਕਾਰ ਦੀ ਮਲਕੀਅਤ ਵਾਲੀ ਜ਼ਮੀਨ ਨੂੰ ਨਿੱਜੀ ਜਾਇਦਾਦ ਵਜੋਂ ਦਰਸਾ ਕੇ, ਫਰਦ, ਫਰਦ ਗਿਰਦਾਵਰੀ ਅਤੇ ਬੈਨਾਮੇ ਜਾਰੀ ਕਰਵਾਏ ਗਏ

ਇਸ ਮਾਮਲੇ ਵਿੱਚ ਦੋਸ਼ੀ ਸਤਨਾਮ ਸਿੰਘ ਨੇ ਖੇਤੀਬਾੜੀ ਲਿਮਟ ਲੈਣ ਦੇ ਸੰਬੰਧ ‘ਚ ਫਰਦ ਜਮਾਬੰਦੀ, ਫਰਦ ਹਕੀਕਤ, ਫਰਦ ਗਿਰਦਾਵਰੀ ਅਤੇ ਆੜ ਰਹਨ ਪ੍ਰਮਾਣ-ਪੱਤਰ, ਸਟੇਟ ਬੈਂਕ ਆਫ਼ ਪਟਿਆਲਾ, ਸੁਲਤਾਨਪੁਰ ਲੋਧੀ ਦੇ ਮੈਨੇਜਰ, ਦੋਸ਼ੀ ਸੁਲਿੰਦਰ ਸਿੰਘ ਨੂੰ ਦਿੱਤੇ, ਜਿਸ ‘ਤੇ ਅਧਾਰ ਕਰਕੇ ਬੈਂਕ ਮੈਨੇਜਰ ਨੇ ਹੋਰ ਦੋਸ਼ੀ ਕਰਮਚਾਰੀ ਸੁਰਿੰਦਰ ਪਾਲ (ਫੀਲਡ ਅਫ਼ਸਰ) ਅਤੇ ਪੈਨਲ ਵਕੀਲ ਤਾਰਾ ਚੰਦ ਨਾਲ ਮਿਲਭਗਤ ਕਰਕੇ ਆਪਣੇ ਨਿੱਜੀ ਸੁਆਰਥ ਲਈ ਸਤਨਾਮ ਸਿੰਘ ਨੂੰ ਕਰਜ਼ਾ ਦੇਣ ਦੀ ਯੋਜਨਾ ਬਣਾਈ

ਇਨ੍ਹਾਂ ਦੋਸ਼ੀਆਂ ਨੇ ਨਕਲੀ ਅਤੇ ਗਲਤ ਰਿਪੋਰਟਾਂ ਤਿਆਰ ਕੀਤੀਆਂ, ਜਿਸ ਤੋਂ ਬਾਅਦ ਬੈਂਕ ਮੈਨੇਜਰ ਨੇ ਸਤਨਾਮ ਸਿੰਘ ਨਾਲ ਮਿਲਭਗਤ ਕਰਕੇ 16 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰ ਦਿੱਤਾਪਰ, ਰਾਜਸਵ ਵਿਭਾਗ ਦੇ ਰਿਕਾਰਡ ਅਨੁਸਾਰ, ਪਿੰਡ ਲੋਹੀਆਂ ਦੀ ਉਕਤ ਜਮਾਬੰਦੀ ਬਿਲਕੁਲ ਨਹੀਂ ਮਿਲਦੀ ਸੀ, ਕਿਉਂਕਿ ਸੰਬੰਧਤ ਖੇਵਟ-ਖਤੌਨੀ ਅਤੇ ਖਸਰਾ ਨੰਬਰ ਮਾਲ ਰਿਕਾਰਡ ‘ਚ ਦਰਜ ਨਹੀਂ ਸਨ ਅਤੇ ਕੋਈ ਅਧਿਕਾਰਕ ਇੰਦਰਾਜ ਵੀ ਨਹੀਂ ਸੀ

ਇਸੇ ਤਰੀਕੇ ਨਾਲ, ਮਾਰਟਗੇਜ਼ ਡੀਡ ਦੀ ਪੁਸ਼ਟੀ ਦੌਰਾਨ ਇਹ ਸਾਹਮਣੇ ਆਇਆ ਕਿ ਬੈਂਕ ਮੈਨੇਜਰ ਵੱਲੋਂ, ਸਤਨਾਮ ਸਿੰਘ ਅਤੇ ਮਾਰਟਗੇਜ਼ ਡੀਡ ‘ਤੇ ਗਵਾਹੀ ਦੇਣ ਵਾਲੇ ਵਿਅਕਤੀਆਂ ਨਾਲ ਮਿਲਭਗਤ ਕਰਕੇ ਨਕਲੀ ਨੰਬਰ ਲਗਾਇਆ ਗਿਆ ਸੀਇਸ ‘ਤੇ ਗਵਾਹ ਵਜੋਂ ਦੋਸ਼ੀ ਸਰਬਜੀਤ ਸਿੰਘ ਨੰਬਰਦਾਰ, ਨਿਵਾਸੀ ਸਰੂਪਵਾਲ ਨੇ ਹਸਤਾਖਰ ਕੀਤੇ ਸਨ

ਗੌਰਤਲਬ ਹੈ ਕਿ ਵਿਜੀਲੈਂਸ ਜਾਂਚ ਦੀ ਪੜਤਾਲ ‘ਤੇ ਕੁੱਲ 33 ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ‘ਚੋਂ 28 ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ 3 ਦੋਸ਼ੀਆਂ ਨੂੰ ਅਦਾਲਤ ਵੱਲੋਂ ਭਗੌੜਾ ਐਲਾਨਿਆ ਜਾ ਚੁੱਕਾ ਹੈਬਾਕੀ ਰਹਿੰਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਬਿਊਰੋ ਲਗਾਤਾਰ ਕਾਰਵਾਈ ਕਰ ਰਿਹਾ ਹੈ

ਗ੍ਰਿਫ਼ਤਾਰ ਕੀਤੇ ਗਏ ਸਤਨਾਮ ਸਿੰਘ ਅਤੇ ਸਰਬਜੀਤ ਸਿੰਘ ਨੂੰ ਕੱਲ੍ਹ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਤਾਂ ਕਿ ਹੋਰ ਪੁੱਛਗਿੱਛ ਕੀਤੀ ਜਾ ਸਕੇਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ