ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ
ਅਧਿਕਾਰੀਆਂ ਨੂੰ ਦਿੱਤੇ ਅਚਨਚੇਤ ਚੈਕਿੰਗ ਕਰਨ ਦੇ ਨਿਰਦੇਸ਼
ਫਾਜ਼ਿਲਕਾ 17 ਜਨਵਰੀ 2025: Aj Di Awaaj
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈ ਏਐਸ ਨੇ ਅੱਜ ਇੱਥੇ ਸਿੰਥੈਟਿਕ ਚਾਈਨਾ ਡੋਰ ਦੀ ਖਰੀਦ ਵੇਚ ਅਤੇ ਵਰਤੋਂ ਨੂੰ ਰੋਕਣ ਸਬੰਧੀ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਇਸ ਖਤਰਨਾਕ ਡੋਰ ਦੀ ਖਰੀਦ ਵੇਚ ਅਤੇ ਵਰਤੋਂ ਨੂੰ ਰੋਕਣ ਲਈ ਅਚਨਚੇਤ ਚੈਕਿੰਗ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਦੱਸਿਆ ਕਿ ਬੀਐਨਐਸਐਸ ਦੀ ਧਾਰਾ 163 ਅਧੀਨ ਜ਼ਿਲ੍ਹਾ ਫਾਜ਼ਿਲਕਾ ਦੀ ਹਦੂਦ ਅੰਦਰ ਪਤੰਗਾਂ ਆਦਿ ਦੀ ਵਰਤੋਂ ਲਈ ਚਾਈਨਾ ਡੋਰ ਵੇਚਣ, ਸਟੋਰ ਕਰਨ ਅਤੇ ਵਰਤੋਂ ਤੇ ਪੂਰੀ ਤਰਾਂ ਪਾਬੰਦੀ ਲਗਾਈ ਹੋਈ ਹੈ। ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਬਿਨਾਂ ਪੰਜਾਬ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਰਾਜ ਵਿੱਚ ਨਾਇਲੋਨ/ ਪਲਾਸਟਿਕ ਜਾਂ ਚਾਈਨਾ ਡੋਰ/ ਮਾਝਾ ਸਹਿਤ ਕਿਸੇ ਵੀ ਪ੍ਰਕਾਰ ਦੀ ਸਿੰਥੈਟਿਕ ਸਮਗਰੀ ਤੋਂ ਬਣੀ ਪਤੰਗ ਉਡਾਉਣ ਵਾਲੀ ਡੋਰ ਜਾਂ ਕੋਈ ਸਿੰਥੈਟਿਕ ਡੋਰ ਜਿਸ ਵਿੱਚ ਕਿਸੇ ਗੈਰ ਪਦਾਰਥ ਦੀ ਪਰਤ ਹੋਵੇ ਜਾਂ ਪਤੰਗ ਉਡਾਉਣ ਵਾਲੀ ਡੋਰ ਵਿੱਚ ਕੋਈ ਕੰਚ ਜਾਂ ਤਿੱਖੀ ਸਮੱਗਰੀ ਵਾਲੇ ਪਦਾਰਥ ਤੋਂ ਬਣੀ ਚੀਜ਼ ਲਗਾਈ ਗਈ ਹੋਵੇ ਤਾਂ ਅਜਿਹੀ ਚਾਈਨਾ ਡੋਰ ਦੇ ਨਿਰਮਾਣ, ਵਿਕਰੀ, ਭੰਡਾਰਨ, ਖਰੀਦ ਅਤੇ ਵਰਤੋਂ ਤੇ ਰੋਕ ਲਗਾਈ ਗਈ ਹੈ। ਇਸ ਦੀ ਉਲੰਘਣਾ ਕਰਨ ਵਾਲੇ ਨੂੰ 10 ਹਜਾਰ ਰੁਪਏ ਤੋਂ 15 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਸਬੰਧੀ ਜੇਕਰ ਕੋਈ ਗੁਪਤ ਸੂਚਨਾ ਦਿੰਦਾ ਹੈ ਤਾਂ ਉਸਨੂੰ 25 ਹਜਾਰ ਰੁਪਏ ਤੱਕ ਦਾ (ਨਿਯਮ ਅਤੇ ਸ਼ਰਤਾਂ ਲਾਗੂ) ਇਨਾਮ ਵੀ ਮਿਲਣ ਯੋਗ ਹੈ। ਇਸ ਸਬੰਧੀ ਫੋਨ ਨੰਬਰ 1800-180-2810 ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਚਾਈਨਾ ਡੋਰ/ ਸਿੰਥੈਟਿਕ ਡੋਰ ਦੀ ਵਰਤੋਂ ਜਾਂ ਖਰੀਦ ਵੇਚ ਨਾ ਕਰਨ ਕਿਉਂਕਿ ਇਸ ਨਾਲ ਬਹੁਤ ਸਾਰੇ ਹਾਦਸੇ ਹੋ ਜਾਂਦੇ ਹਨ ਅਤੇ ਕਈ ਵਾਰ ਮਨੁੱਖੀ ਜਾਨਾਂ ਵੀ ਗਈਆਂ ਹਨ। ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਉਲੰਘਣ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਬੈਠਕ ਵਿੱਚ ਐਸਡੀਐਮ ਅਬੋਹਰ ਸ ਕ੍ਰਿਸ਼ਨਾ ਪਾਲ ਰਾਜਪੂਤ, ਐਸਡੀਐਮ ਕੰਵਰਜੀਤ ਸਿੰਘ ਮਾਨ, ਐਸਪੀ ਰਵੀ ਖੇੜਾ, ਵਾਤਾਵਰਨ ਇੰਜੀਨੀਅਰ ਜਸਪਾਲ ਸਿੰਘ, ਤਹਿਸੀਲਦਾਰ ਨਵਜੀਵਨ ਛਵੜਾ ਅਤੇ ਅਵਤਾਰ ਸਿੰਘ, ਸਹਾਇਕ ਵਾਤਾਵਰਨ ਇੰਜੀਨੀਅਰ ਅਨੀਸ਼ ਸ਼ਰਮਾ, ਸੁਪਰਡੈਂਟ ਪ੍ਰਦੀਪ ਗੱਖੜ ਵੀ ਹਾਜ਼ਰ ਸਨ।
