ਪੰਜਾਬ ਵਿਧਾਨ ਸਭਾ ਵਿਸ਼ੇਸ਼ ਇਜਲਾਸ ਦੌਰਾਨ ਹੰਗਾਮਾ

65

ਪੰਜਾਬ 30 Dec 2025 AJ DI Awaaj

Punjab Desk :  ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਨਾਲ ਸ਼ੁਰੂ ਹੋਇਆ। ਸਦਨ ਵਿੱਚ ਦਸਮੇਸ਼ ਪਿਤਾ ਦੇ ਚਾਰ ਸਾਹਿਬਜ਼ਾਦਿਆਂ—ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ—ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਗਿਆ। ਇਸ ਮੌਕੇ ਮਾਤਾ ਗੁਜਰੀ ਜੀ, ਬਾਬਾ ਜੀਵਨ ਸਿੰਘ ਜੀ, ਦੀਵਾਨ ਟੋਡਰ ਮੱਲ ਜੀ ਸਮੇਤ ਹੋਰ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ।

ਇਜਲਾਸ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਸਦਨ ਵਿੱਚ ਭਾਰੀ ਹੰਗਾਮਾ ਹੋ ਗਿਆ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਬੋਲਣ ਲਈ ਸਮਾਂ ਨਾ ਮਿਲਣ ‘ਤੇ ਵਿਰੋਧ ਕੀਤਾ, ਜਿਸ ਤੋਂ ਬਾਅਦ ਸਪੀਕਰ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਸਦਨ ਤੋਂ ਬਾਹਰ ਭੇਜ ਦਿੱਤਾ ਗਿਆ।

ਇਸ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਨੂੰ ‘Who are you’ ਕਹੇ ਜਾਣ ‘ਤੇ CM ਮਾਨ ਭੜਕ ਗਏ। ਉਨ੍ਹਾਂ ਨੇ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ “ਤੁਹਾਨੂੰ 2022 ਅਤੇ 2024 ਵਿੱਚ ਵੀ ਪਤਾ ਨਹੀਂ ਲੱਗਿਆ ਕਿ ਕੌਣ ਆਇਆ ਸੀ?” ਇਸ ਮਸਲੇ ‘ਤੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਵੀ ਤਿੱਖੀ ਬਹਿਸ ਹੋਈ।

CM ਮਾਨ ਨੇ ਕਾਂਗਰਸ ‘ਤੇ ਗਰੀਬਾਂ ਦੇ ਮਸਲਿਆਂ ਪ੍ਰਤੀ ਬੇਪਰਵਾਹੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ “ਇਹ ਲੋਕ ਚਾਰ ਘੰਟਿਆਂ ਦੇ ਸੈਸ਼ਨ ਵਿੱਚ ਬੈਠ ਨਹੀਂ ਸਕਦੇ, ਪਰ ਸੱਤ ਘੰਟਿਆਂ ਦਾ ਸੈਸ਼ਨ ਮੰਗਦੇ ਹਨ।”

ਜ਼ਿਕਰਯੋਗ ਹੈ ਕਿ ਅੱਜ ਦਾ ਵਿਸ਼ੇਸ਼ ਇਜਲਾਸ ਮਨਰੇਗਾ (MGNREGA) ਵਿੱਚ ਕੀਤੇ ਗਏ ਬਦਲਾਅ ਨੂੰ ਲੈ ਕੇ ਬੁਲਾਇਆ ਗਿਆ ਹੈ।