3November 2025 Aj Di Awaaj
Punjab Desk ਬੇਸ਼ੱਕ ਸੂਬਾ ਸਰਕਾਰ ਵੱਲੋਂ ਨਸ਼ੇ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਹਕੀਕਤ ਇਸ ਤੋਂ ਉਲਟ ਹੈ — ਚਿੱਟੇ ਕਾਰਨ ਨੌਜਵਾਨ ਲਗਾਤਾਰ ਮੌਤ ਦੇ ਮੂੰਹ ’ਚ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਹ ਮੁਹਿੰਮ ਸਿਰਫ਼ ਡਰਾਮਾ ਹੈ, ਕਿਉਂਕਿ ਪਿੰਡਾਂ ਵਿੱਚ ਅੱਜ ਵੀ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਇਸੀ ਕਾਰਨ ਨੌਜਵਾਨਾਂ ਦੀਆਂ ਮੌ/ਤਾਂ ਦਾ ਸਿਲਸਿਲਾ ਨਹੀਂ ਰੁਕ ਰਿਹਾ।
ਤਾਜ਼ਾ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਂਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਗਰੀਬ ਪਰਿਵਾਰਾਂ ਨਾਲ ਸੰਬੰਧਤ ਦੋ ਨਵ-ਵਿਆਹੇ ਨੌਜਵਾਨ ਰਹੱਸਮਈ ਹਾਲਾਤਾਂ ਵਿੱਚ ਮ੍ਰਿਤ ਪਾਏ ਗਏ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌ/ਤ ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋਈ ਹੈ।
ਪਿਛਲੇ ਦੋ ਸਾਲਾਂ ਵਿੱਚ ਇਸ ਪਿੰਡ ਵਿੱਚ ਨਸ਼ੇ ਕਾਰਨ ਇਕ ਦਰਜਨ ਤੋਂ ਵੱਧ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਵੱਲੋਂ ਪਿੰਡ ਵਿੱਚ ਨੌਜਵਾਨਾਂ ਨੂੰ ਨਸ਼ਾ ਸਪਲਾਈ ਕੀਤਾ ਜਾਂਦਾ ਹੈ, ਉਹਨਾਂ ਬਾਰੇ ਪੁਲਿਸ ਨੂੰ ਪੂਰੀ ਜਾਣਕਾਰੀ ਹੈ, ਪਰ ਫਿਰ ਵੀ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਹੜੇ ਦੋ ਨੌਜਵਾਨ ਹੁਣ ਮਰੇ ਹਨ, ਉਨ੍ਹਾਂ ਵਿੱਚੋਂ ਇਕ ਦੇ ਭਰਾ ਦੀ ਵੀ ਦੋ ਸਾਲ ਪਹਿਲਾਂ ਨਸ਼ੇ ਕਾਰਨ ਮੌ/ਤ ਹੋ ਚੁੱਕੀ ਸੀ, ਹੁਣ ਉਸ ਘਰ ਵਿੱਚ ਸਿਰਫ਼ ਮਾਂ-ਪਿਉਂ ਹੀ ਬਚੇ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਚਿੱਟਾ ਬਹੁਤ ਮਹਿੰਗਾ ਹੋ ਜਾਣ ਕਾਰਨ ਹੁਣ ਨੌਜਵਾਨ ਨਸ਼ੇ ਦੀ ਇਕ ਗੋਲੀ ਖਰੀਦਦੇ ਹਨ, ਉਸਨੂੰ ਪੀਸ ਕੇ ਘੋਲ ਤਿਆਰ ਕਰਦੇ ਹਨ ਤੇ ਟੀਕਾ ਲਗਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਮੌ/ਤ ਹੋ ਰਹੀ ਹੈ। ਇਹ ਗੋਲੀ ਪਿੰਡ ਦਾ ਇਕ ਵਿਅਕਤੀ ਵੇਚਦਾ ਹੈ, ਜਿਸ ਬਾਰੇ ਪੁਲਿਸ ਨੂੰ ਪੂਰਾ ਪਤਾ ਹੈ, ਪਰ ਫਿਰ ਵੀ ਕੋਈ ਕਾਰਵਾਈ ਨਾ ਹੋਣਾ ਸਮਝ ਤੋਂ ਪਰੇ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਕਾਰਨ ਮਰਨ ਵਾਲੇ ਸਾਰੇ ਨੌਜਵਾਨ ਗਰੀਬ ਪਰਿਵਾਰਾਂ ਨਾਲ ਸੰਬੰਧਤ ਹਨ, ਜੋ ਦਿਹਾੜੀਦਾਰੀ ਕਰਦੇ ਸਨ। ਪਿੰਡ ਵਾਸੀਆਂ ਮੁਤਾਬਕ ਲਗਭਗ 20 ਦਿਨ ਪਹਿਲਾਂ ਵੀ ਇਕ ਨੌਜਵਾਨ ਨਸ਼ੇ ਕਾਰਨ ਆਪਣੀ ਜਾਨ ਗਵਾ ਬੈਠਾ ਸੀ।














