ਸਰਵਪੱਖੀ ਕੀਟ ਪ੍ਰਬੰਧਨ ਸਬੰਧੀ ਦੋ ਰੋਜ਼ਾ ਕਿਸਾਨ ਸਿਖਲਾਈ ਸੈਸ਼ਨ ਆਯੋਜਿਤ

33

 ਮਾਨਸਾ, 02 ਸਤੰਬਰ 2025 AJ DI Awaaj

Punjab Desk :  ਕੇਂਦਰੀ ਸਰਵਪੱਖੀ ਕੀਟ ਪ੍ਰਬੰਧਨ ਕੇਂਦਰ ਪੰਜਾਬ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਦੋ ਰੋਜ਼ਾ ਕਿਸਾਨ ਸਿਖਲਾਈ ਸੈਸ਼ਨ ਦੌਰਾਨ ਕਿਸਾਨਾਂ ਨੂੰ ਖਰੀਫ਼ ਫਸਲਾਂ ਲਈ ਸਰਵਪੱਖੀ ਕੀਟ ਪ੍ਰਬੰਧ ਦੇ ਸਿਧਾਤਾਂ ਅਤੇ ਪ੍ਰਯੋਗਤਮਕ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ।

          ਇਸ ਮੌਕੇ ਸਹਾਇਕ ਪੌਦ ਸੁਰੱਖਿਆ ਅਫ਼ਸਰ ਡਾ. ਚੰਦਰ ਭਾਨ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਖੇਤੀ ਵਿਚ ਕੀਟਨਾਸ਼ਕਾਂ ਦੀ ਵਰਤੋਂ ਨੂੰ ਘਟਾ ਕੇ ਅਤੇ ਕੁਦਰਤੀ ਤੇ ਵਾਤਾਵਰਣ ਅਨੁਕੂਲ ਢੰਗ ਨਾਲ ਕੀਟਾਂ ਦਾ ਸਰਵਪੱਖੀ ਪ੍ਰਬੰਧ ਅਪਨਾਉਣਾ ਅੱਜ ਦੀ ਮੁੱਖ ਲੋੜ ਹੈ।

          ਉਨ੍ਹਾਂ ਟਰਾਇਕੋਡਰਮਾ, ਬੇਅਉਵੇਰਿਆ, ਮੇਟਰਾਈਜੀਅਮ ਵਰਗੇ ਲਾਭਕਾਰੀ ਫਫੂੰਦਾਂ ਦੀ ਵਰਤੋਂ ਅਤੇ ਟਰਾਇਕੋਡਰਮਾ ਅਤੇ ਸੁਡੋਮੋਨਾਸ ਨਾਲ ਬੀਜ਼ ਸੋਧ ਦੀ ਸਿਫਾਰਸ਼ ਕੀਤੀ, ਜੋ ਕਿ ਫਸਲ ਦੀ ਸ਼ੁਰੂਆਤੀ ਅਵਸਤਥਾ ਦੌਰਾਨ ਫੰਗਲ ਅਤੇ ਬੈਕਟੀਰੀਅਲ ਰੋਗਾਂ ਤੋਂ ਬਚਾਉਂਦੇ ਹਨ। ਇਸ ਮੌਕੇ ਕਿਸ਼ੀ ਮੰਤਰਾਲਾ ਵੱਲੋਂ ਜਾਰੀ ਐ.ਪੀ.ਐਸ.ਐਸ. ਐਪਲੀਕੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਲੋਗ ਇਨ ਤੇ ਪਾਸਵਰਡ ਵੀ ਦਿੱਤੇ ਗਏ।

          ਬਲਾਕ ਖੇਤੀਬਾੜੀ ਅਫ਼ਸਰ ਭੀਖੀ, ਡਾ. ਹਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਫੇਰੋਮੋਂਟ ਟਰੈਪ, ਪੀਲੇ ਅਤੇ ਨੀਲੇ ਚਿਪਚਿਪੇ ਟਰੈਪ ਅਤੇ ਫਰੂਟ ਫਲਾਈ ਟਰੈਪ ਵਰਗੇ ਆਈ.ਪੀ.ਐਮ. ਟੂਲਜ਼ ਦੀ ਵਰਤੋਂ ਬਾਰੇ ਦੱਸਿਆ। ਉਨ੍ਹਾਂ ਟਰਾਇਕੋਗਰਾਮਾ, ਮੱਕੜੀਆਂ, ਡਰੈਗਨ ਫਲਾਈ, ਡੈਮਸਲ ਫਲਾਈ ਅਤੇ ਵਾਟਰ ਸਟਰਾਈਡਰ ਵਰਗੇ ਜੀਵ ਏਜੰਟਸ ਦੀ ਭੂਮਿਕਾ ਬਾਰੇ ਵੀ ਜਾਣੂ ਕਰਵਾਇਆ।

          ਇਸ ਮੌਕੇ ਟੈਨਨੀਕਲ ਅਧਿਕਾਰੀਆਂ ਰਾਜਬੀਰ ਸਿੰਘ ਅਤੇ ਦੀਪਕ ਨੇ ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੀਟਨਾਸ਼ਕਾਂ ਦੀ ਵਰਤੋਂ ਦੌਰਾਨ ਦਸਤਾਨੇ, ਮਾਸਕ, ਐਪਰਨ ਅਤੇ ਅੱਖਾਂ ਦੀ ਸੁਰੱਖਿਆ ਲਈ ਚਸ਼ਮੇ ਵਰਗਾ ਸੁਰੱਖਿਅਤ ਸਾਜ਼ੋ ਸਾਮਾਨ ਪਾਉਣਾ ਬਹੁਤ ਜ਼ਰੂਰੀ ਹੈ।

          ਇਸ ਮੌਕੇ ਡਿਪਟੀ ਡਾਇਰੈਕਟਰ (ਆਤਮਾ), ਡਾ. ਚਮਨਦੀਪ ਸਿੰਘ, ਏ.ਟੀ.ਐਮ. ਸ੍ਰੀ ਕਮਲਪ੍ਰੀਤ ਸਿੰਘ ਤੋਂ ਇਲਾਵਾ ਕਿਸਾਨ ਹਾਜ਼ਰ ਸਨ।