ਸੱਪ ਦੇ ਡੰਗਣ ਤੇ ਇਲਾਜ ਸਰਕਾਰੀ ਹਸਪਤਾਲਾਂ ਵਿਖੇ ਉਪਲਬਧ

40
ਰੂਪਨਗਰ, 15 ਜੁਲਾਈ 2026 AJ DI Awaaj
Punjab Desk : ਸਿਹਤ ਵਿਭਾਗ ਵੱਲੋਂ ਬਰਸਾਤ ਦੇ ਮੌਸਮ ਨੂੰ ਦੇਖਦਿਆਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਕਿ ਸੱਪ ਦੇ ਡੰਗਣ ਤੋਂ ਬਚਾਅ ਲਈ ਸਾਵਧਾਨੀਆਂ ਦਾ ਪਾਲਣ ਅਤੇ ਜਲਦੀ ਤੋਂ ਜਲਦੀ ਇਲਾਜ ਕਰਵਾ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਵੱਲੋਂ ਕੀਤਾ ਗਿਆ।
ਡਾ. ਰਮਨ ਗੁਪਤਾ ਨੇ ਦੱਸਿਆ ਕਿ ਵਿਖੇ ਸੱਪ ਦੇ ਜਹਿਰ ਵਿਰੋਧੀ ਟੀਕਿਆਂ (ਐਂਟੀ ਵੀਨਮ) ਦਾ ਪੂਰਾ ਸਟਾਕ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਸੱਪ ਦੇ ਕੱਟਣ ‘ਤੇ ਤੁਰੰਤ ਇੱਕ ਘੰਟੇ ਦੇ ਅੰਦਰ-ਅੰਦਰ ਡਾਕਟਰੀ ਮਦਦ ਲੈਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸਮੇਂ ਸਿਰ ਇਲਾਜ ਨਾਲ ਜਾਨ ਬਚਾਈ ਜਾ ਸਕਦੀ ਹੈ। ਜਿੰਨੀ ਜਲਦੀ ਹੋ ਸਕੇ, ਵਿਅਕਤੀ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਲੈ ਜਾਓ। ਐਂਟੀ- ਵੀਨਮ ਟੀਕਾ ਹੀ ਸਭ ਤੋਂ ਪ੍ਰਭਾਵਸ਼ਾਲੀ ਇਲਾਜ ਹੈ, ਜੋ ਜ਼ਿਲ੍ਹੇ ਦੇ ਸਿਵਲ ਹਸਪਤਾਲ ਰੂਪਨਗਰ, ਐਸ.ਡੀ.ਐਚ ਨੰਗਲ, ਐਸ.ਡੀ.ਐਚ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ, ਸੀ.ਐਚ.ਸੀ ਭਰਤਗੜ, ਸੀ.ਐਚ.ਸੀ ਨੂਰਪੁਰ ਬੇਦੀ ਤੇ ਸੀ.ਐਚ.ਸੀ ਮੋਰਿੰਡਾ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਸੱਪ ਦੇ ਡੰਗਣ ‘ਤੇ ਪਹਿਲਾਂ ਮਰੀਜ਼ ਨੂੰ ਸਾਂਤ ਕਰਨਾ ਬਹੁਤ ਜਰੂਰੀ ਹੈ ਕਿਉਂਕਿ ਡਰ ਦਿਲ ਦੀ ਧੜਕਣ ਨੂੰ ਵਧਾਉਂਦਾ ਹੈ, ਜਿਸ ਕਾਰਨ ਜਹਿਰ ਪੂਰੇ ਸਰੀਰ ਵਿੱਚ ਤੇਜੀ ਨਾਲ ਫੈਲਦਾ ਹੈ। ਜਖਮ ਨੂੰ ਕੱਸ ਕੇ ਨਾ ਬੰਨ੍ਹੋ, ਕਿਉਂਕਿ ਇਸ ਨਾਲ ਟਿਸੂਆਂ ਨੂੰ ਨੁਕਸਾਨ ਹੋ ਸਕਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਬਰਸਾਤਾਂ ਦੌਰਾਨ ਸੱਪਾਂ ਅਤੇ ਹੋਰ ਜਹਿਰੀਲੇ ਜਾਨਵਰ ਦੀਆਂ ਖੁੱਡਾਂ ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਇਹ ਧਰਤੀ ਤੋਂ ਬਾਹਰ ਨਿਕਲ ਆਂਉਦੇ ਹਨ। ਸੱਪ ਦੇ ਡੰਗ ਵਾਲੇ ਅੰਗ ਨੂੰ ਮੂੰਹ ਨਾਲ ਜਹਿਰ ਚੂਸਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਡੰਗ ਵਾਲੀ ਥਾਂ ਨੂੰ ਸਾਬਣ ਪਾਣੀ ਨਾਲ ਸਾਫ ਕਰ ਕੇ ਸਾਫ ਕੱਪੜੇ ਨਾਲ ਢੱਕਿਆ ਜਾਵੇ। ਘਰੇਲੂ ਉਪਚਾਰ ਜਾਂ ਕਿਸੇ ਵੈਦਗਿਰੀ ਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਸੱਪ ਜਾਂ ਕਿਸੇ ਜਹਿਰੀਲੇ ਜਾਨਵਰ ਦੇ ਡੰਗ ਜਾਣ ਤੇ ਤੁਰੰਤ 108 ਨੰਬਰ ‘ਤੇ ਐਂਬੂਲੈਂਸ ਨੂੰ ਕਾਲ ਕਰੋ ਅਤੇ ਜਿੰਨੀ ਜਲਦੀ ਹੋ ਸਕੇ, ਵਿਅਕਤੀ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਲਿਜਾਣਾ ਚਾਹੀਦਾ ਹੈ। ਇਸ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ।