ਰੂਪਨਗਰ, 14 ਅਕਤੂਬਰ 2026 AJ DI Awaaj
Punjab Desk : ਤਿਉਹਾਰਾਂ ਦੇ ਮੌਕੇ ਰਵਾਇਤੀ ਮਿਠਾਈਆਂ ਅਤੇ ਘਰੇਲੂ ਪਕਵਾਨਾਂ ਦੀ ਵਧਦੀ ਮੰਗ ਨੂੰ ਦੇਖਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਰੋਪੜ ਵੱਲੋਂ 20 ਪੇਂਡੂ ਲੜਕੀਆਂ ਨੂੰ ਮਿਠਾਈਆਂ ਅਤੇ ਨਮਕੀਨ ਪਕਵਾਨ ਤਿਆਰ ਕਰਨ ਦੀ ਵਿਹਾਰਕ ਸਿਖਲਾਈ ਦਿੱਤੀ ਗਈ। ਇਸ ਪਹਿਲਕਦਮੀ ਦਾ ਉਦੇਸ਼ ਪੇਂਡੂ ਲੜਕੀਆਂ ਦੇ ਰਸੋਈ ਹੁਨਰ ਨੂੰ ਆਮਦਨ ਦੇ ਸਾਧਨ ਵਿੱਚ ਬਦਲਣ ਦੇ ਨਾਲ-ਨਾਲ ਉਨ੍ਹਾਂ ਨੂੰ ਸਵੈ-ਰੁਜ਼ਗਾਰ ਅਤੇ ਛੋਟੇ ਕਾਰੋਬਾਰ ਸਥਾਪਤ ਕਰਨ ਲਈ ਉਤਸ਼ਾਹਿਤ ਕਰਨਾ ਸੀ।
ਕੇਵੀਕੇ ਰੋਪੜ ਵਿਖੇ “ਤਿਉਹਾਰੀ ਮੌਸਮ ਲਈ ਮਿਠਾਈਆਂ ਤਿਆਰ ਕਰਨਾ” ਵਿਸ਼ੇ ’ਤੇ ਪੰਜ ਰੋਜ਼ਾ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਅਤੇ ਆਈਸੀਏਆਰ-ਐਗਰੀਕਲਚਰਲ ਟੈਕਨਾਲੋਜੀ ਐਪਲੀਕੇਸ਼ਨ ਰਿਸਰਚ ਇੰਸਟੀਚਿਊਟ (ਅਟਾਰੀ), ਜ਼ੋਨ-1, ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇਹ ਸਿਖਲਾਈ ਪ੍ਰੋਗਰਾਮ ਐਸੋਸੀਏਟ ਡਾਇਰੈਕਟਰ (ਸਿਖਲਾਈ) ਕੇਵੀਕੇ ਰੋਪੜ ਡਾ. ਸਤਬੀਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਉਨ੍ਹਾਂ ਨੇ ਸਿਖਿਆਰਥਣਾਂ ਨੂੰ ਸਿਖਲਾਈ ਦੌਰਾਨ ਹਾਸਲ ਕੀਤੇ ਹੁਨਰਾਂ ਦੀ ਵਰਤੋਂ ਕਰਕੇ ਆਪਣੇ ਛੋਟੇ ਉੱਦਮ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਅਤੇ ਖੁਰਾਕੀ ਉਤਪਾਦਾਂ ਦੀ ਮੁੱਲ-ਵਰਧਨ ਪ੍ਰਕਿਰਿਆ ਪੇਂਡੂ ਪਰਿਵਾਰਾਂ ਦੀ ਆਮਦਨ ਵਧਾਉਣ ਅਤੇ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਉਨ੍ਹਾਂ ਨੇ ਤਿਉਹਾਰੀ ਪਕਵਾਨਾਂ ਦੀ ਵਧਦੀ ਬਾਜ਼ਾਰ ਮੰਗ ਬਾਰੇ ਜਾਣਕਾਰੀ ਦਿੰਦਿਆਂ ਲੜਕੀਆਂ ਨੂੰ ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀਜ਼) ਰਾਹੀਂ ਛੋਟੇ ਪੱਧਰ ’ਤੇ ਕਾਰੋਬਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਪੇਂਡੂ ਔਰਤਾਂ ਨੂੰ ਆਤਮ-ਨਿਰਭਰ ਬਣਾਉਣ, ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧੂ ਯੋਗਦਾਨ ਪਾਉਣ ਲਈ ਸਹਾਈ ਸਿੱਧ ਹੋ ਸਕਦੇ ਹਨ।
ਸਿਖਲਾਈ ਪ੍ਰੋਗਰਾਮ ਦੌਰਾਨ ਡੈਮੋਨਸਟ੍ਰੇਟਰ (ਗ੍ਰਹਿ ਵਿਗਿਆਨ) ਮਨਪ੍ਰੀਤ ਕੌਰ ਨੇ ਸਿਖਿਆਰਥਣਾਂ ਨੂੰ ਵੱਖ-ਵੱਖ ਰਵਾਇਤੀ ਮਿਠਾਈਆਂ ਅਤੇ ਨਮਕੀਨ ਪਕਵਾਨ ਤਿਆਰ ਕਰਨ ਦੀ ਵਿਹਾਰਕ ਸਿਖਲਾਈ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਢੋਡਾ ਬਰਫ਼ੀ, ਚੁਕੰਦਰ ਦੇ ਲੱਡੂ, ਖੋਏ ਦੇ ਲੱਡੂ, ਬੂੰਦੀ ਦੇ ਲੱਡੂ, ਬਾਲੂਸ਼ਾਹੀ, ਗੁੜ ਵਾਲੀ ਮੱਠੀ, ਮੱਠਰੀ, ਕਾਜੂ ਕਤਲੀ ਅਤੇ ਬੇਸਣ ਦੀ ਬਰਫ਼ੀ ਬਣਾਉਣ ਦੇ ਤਰੀਕੇ ਸਿਖਾਏ ਗਏ।
ਇਸ ਸਿਖਲਾਈ ਦਾ ਮੁੱਖ ਉਦੇਸ਼ ਲੜਕੀਆਂ ਨੂੰ ਤਿਉਹਾਰਾਂ ਦੌਰਾਨ ਵਧੇਰੇ ਪਸੰਦ ਕੀਤੀਆਂ ਜਾਣ ਵਾਲੀਆਂ ਮਿਠਾਈਆਂ ਅਤੇ ਪਕਵਾਨਾਂ ਦੀ ਤਿਆਰੀ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਘਰੇਲੂ ਪੱਧਰ ’ਤੇ ਉਤਪਾਦਨ ਅਤੇ ਇਨ੍ਹਾਂ ਦੀ ਵਪਾਰਕ ਸੰਭਾਵਨਾ ਤੋਂ ਜਾਣੂ ਕਰਵਾਉਣਾ ਸੀ।
ਪ੍ਰੋਗਰਾਮ ਦੌਰਾਨ ਸਿਖਿਆਰਥਣਾਂ ਨੇ ਪੂਰੇ ਉਤਸ਼ਾਹ ਅਤੇ ਰੁਚੀ ਨਾਲ ਭਾਗ ਲਿਆ। ਉਨ੍ਹਾਂ ਨੇ ਸਿਖਲਾਈ ਦੌਰਾਨ ਸਿੱਖੇ ਹੁਨਰਾਂ ਦੀ ਵਰਤੋਂ ਕਰਕੇ ਤਿਉਹਾਰੀ ਮੌਸਮ ਵਿੱਚ ਮਿਠਾਈਆਂ ਅਤੇ ਪਕਵਾਨ ਤਿਆਰ ਕਰਨ ਅਤੇ ਛੋਟੇ ਪੱਧਰ ’ਤੇ ਉਤਪਾਦਨ ਸ਼ੁਰੂ ਕਰਕੇ ਪਰਿਵਾਰ ਦੀ ਆਮਦਨ ਵਧਾਉਣ ਦੀ ਇੱਛਾ ਪ੍ਰਗਟਾਈ।
ਇਹ ਉਪਰਾਲਾ ਪੇਂਡੂ ਔਰਤਾਂ ਨੂੰ ਹੁਨਰ ਵਿਕਾਸ, ਖੁਰਾਕੀ ਉਤਪਾਦਾਂ ਦੀ ਮੁੱਲ-ਵਰਧਨ ਪ੍ਰਕਿਰਿਆ ਅਤੇ ਟਿਕਾਊ ਰੋਜ਼ੀ-ਰੋਟੀ ਦੇ ਮੌਕੇ ਮੁਹੱਈਆ ਕਰਵਾਉਣ ਪ੍ਰਤੀ ਕੇਵੀਕੇ ਰੋਪੜ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।



















