ਹੁਸ਼ਿਆਰਪੁਰ, 5 ਅਕਤੂਬਰ 2026 AJ DI Awaaj
Punjab Desk : ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੈਸ਼ਨਲ ਇਨਫਰਮੈਟਿਕਸ ਸੈਂਟਰ ਵਲੋਂ ਤਿਆਰ ਕੀਤੇ ਨੈਕਸਟਜੈਨ ਡਾਇਸ ਪੋਰਟਲ ਬਾਰੇ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਵਿਸਥਾਰਪੂਰਵਕ ਟਰੇਨਿੰਗ ਦਿੰਦਿਆਂ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਜ਼ਿਲ੍ਹੇ ਦੇ ਸਬੰਧਤ ਵਿਭਾਗਾਂ ਨੂੰ 21 ਅਕਤੂਬਰ ਤੱਕ ਸਟਾਫ਼ ਦੇ ਵੇਰਵੇ ਅਪਲੋਡ ਕਰਨ ਲਈ ਕਿਹਾ ਗਿਆ।
ਟਰੇਨਿੰਗ ਦੌਰਾਨ ਮਾਹਿਰਾਂ ਵਲੋਂ ਨੈਕਸਟਜੈਨ ਡਾਇਸ ਵੈਬ ਪੋਰਟਲ, ਜੋ ਐਨ.ਆਈ.ਸੀ. ਵਲੋਂ ਤਿਆਰ ਕੀਤਾ ਗਿਆ ਹੈ, ਰਾਹੀਂ ਚੋਣ ਅਮਲੇ ਦਾ ਡਾਟਾ ਅਪਲੋਡ ਕਰਨ ਬਾਰੇ ਤਕਨੀਕ ਨੂੰ ਵਿਸਥਾਰਪੂਰਵਕ ਸਾਂਝਾ ਕੀਤਾ ਗਿਆ। ਜ਼ਿਲ੍ਹਾ ਇਨਫਰਮੈਟਿਕਸ ਅਫ਼ਸਰ ਰਿੰਕੀ ਅਤੇ ਚੋਣ ਤਹਿਸੀਲਦਾਰ ਰਮਨਦੀਪ ਕੌਰ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਪੋਰਟਲ ’ਤੇ ਡਾਟਾ ਦਰਜ ਕਰਨ ਉਪਰੰਤ ਚੋਣ ਅਮਲੇ ਦੀ ਰੈਂਡੇਮਾਈਜੇਸ਼ਨ ਪੋਰਟਲ ਰਾਹੀਂ ਹੋਵੇਗੀ ਅਤੇ ਚੋਣ ਅਮਲੇ ਨੂੰ ਰਿਹਰਸਲਾਂ, ਟਰੇਨਿੰਗਾਂ ਅਤੇ ਚੋਣ ਡਿਊਟੀ ਬਾਰੇ ਸਮੇਂ-ਸਮੇਂ ਸਿਰ ਜਾਣੂ ਕਰਵਾਇਆ ਜਾਵੇਗਾ। ਚੋਣ ਤਹਿਸੀਲਦਾਰ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਐਨ.ਆਈ.ਸੀ. ਨੂੰ ਪੋਰਟਲ ਰਾਹੀਂ ਸਮੁੱਚਾ ਡਾਟਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਚੋਣ ਅਮਲੇ ਨਾਲ ਸਬੰਧਤ ਪ੍ਰਕਿਰਿਆਵਾਂ ਨੂੰ ਸਮੇਂ-ਸਮੇਂ ਸਿਰ ਸੁਚੱਜੇ ਢੰਗ ਨਾਲ ਅਮਲੀਜਾਮਾ ਪਹਿਨਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਵੈਬ ਪੋਰਟਲ ਰਾਹੀਂ ਚੋਣ ਅਮਲੇ ਨਾਲ ਸਬੰਧਤ ਸਮੁੱਚੀ ਪ੍ਰਕਿਰਿਆ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਜਿਸ ਵਿਚ ਡਿਊਟੀਆਂ ਲਾਉਣਾ, ਰੈਂਡੇਮਾਈਜੇਸ਼ਨ, ਗਿਣਤੀ ਲਈ ਪਾਰਟੀਆਂ ਤਾਇਨਾਤ ਕਰਨੀਆਂ, ਮਾਈਕ੍ਰੋ ਆਬਜ਼ਰਵਰਾਂ ਦੀ ਤਾਇਨਾਤੀ, ਡਿਊਟੀ ਆਰਡਰ ਤਿਆਰ ਕਰਨੇ, ਹਾਜ਼ਰੀ ਰਿਪੋਰਟਾਂ, ਫੋਟੋ ਆਈ.ਡੀ. ਬਣਾਉਣਾ ਆਦਿ ਸ਼ਾਮਲ ਹੈ। ਰਮਨਦੀਪ ਕੌਰ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਐਨ.ਆਈ.ਸੀ. ਦੇ ਪੋਰਟਲ ’ਤੇ ਨਿਰਧਾਰਤ 21 ਅਕਤੂਬਰ ਤੱਕ ਆਪਣੇ ਸਟਾਫ਼ ਦੇ ਵੇਰਵੇ ਅਪਲੋਡ ਕਰਨ ਨੂੰ ਯਕੀਨੀ ਬਣਾਇਆ ਜਾਵੇ।



















