ਮਾਨਸਾ, 11 ਜੁਲਾਈ 2025 AJ DI Awaaj
Punjab Desk : ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਅਗਵਾਈ ਹੇਠ ਜ਼ਿਲ੍ਹਾ ਮਾਨਸਾ ਦੇ 03 ਵਿਧਾਨ ਸਭਾ ਚੋਣ ਹਲਕਿਆਂ 96-ਮਾਨਸਾ, 97-ਸਰਦੂਲਗੜ੍ਹ, 98-ਬੁਢਲਾਡਾ ਵਿੱਚ ਨਿਯੁਕਤ ਬੂਥ ਲੈਵਲ ਅਫਸਰਾਂ ਨੂੰ ਵੋਟਰ ਸੂਚੀ ਅਤੇ ਚੋਣਾਂ ਸਬੰਧੀ ਕੰਮਾਂ ਬਾਰੇ ਸਿਖਲਾਈ ਸੈਸ਼ਨ ਕਰਵਾਇਆ ਗਿਆ।
ਇਸ ਟਰੇਨਿੰਗ ਪ੍ਰੋਗਰਾਮ ਅਧੀਨ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਮਾਨਸਾ ਅਤੇ ਸਰਦੂਲਗੜ੍ਹ ਸ਼੍ਰੀ ਕਾਲਾ ਰਾਮ ਕਾਂਸਲ, ਪੀ.ਸੀ.ਐਸ. ਵੱਲੋਂ 96- ਮਾਨਸਾ ਹਲਕੇ ਦੇ ਬੀ.ਐਲ.ਓਜ਼ ਨੂੰ 03 ਜੁਲਾਈ ਤੋਂ 07 ਜੁਲਾਈ 2025 ਤੱਕ ਬੱਚਤ ਭਵਨ, ਮਾਨਸਾ ਵਿਖੇ ਟਰੇਨਿੰਗ ਦਿੱਤੀ ਗਈ ਅਤੇ 97- ਸਰਦੂਲਗੜ੍ਹ ਦੇ ਬੀ.ਐਲ.ਓਜ਼ ਨੂੰ 13 ਜੁਲਾਈ 2025 ਤੱਕ ਬੀ.ਡੀ.ਪੀ.ਓ ਦਫ਼ਤਰ ਝੁਨੀਰ ਵਿਖੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ ਉਪ-ਮੰਡਲ ਮੈਜਿਸਟ੍ਰੇਟ ਬੁਢਲਾਡਾ ਸ਼੍ਰੀ ਗਗਨਦੀਪ ਸਿੰਘ, ਪੀ.ਸੀ.ਐਸ. ਵੱਲੋਂ 98- ਬੁਢਲਾਡਾ ਦੇ ਬੀ.ਐਲ.ਓਜ਼ ਨੂੰ ਮਿਤੀ 07 ਜੁਲਾਈ 2025 ਤੋਂ 11 ਜੁਲਾਈ 2025 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬੁਢਲਾਡਾ ਵਿਖੇ ਟਰੇਨਿੰਗ ਦਿੱਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਟਰੇਨਿੰਗ 50-50 ਬੀ.ਐਲ.ਓਜ਼ ਦੇ ਬੈਚ ਵਿੱਚ ਕਰਵਾਈ ਜਾ ਰਹੀ ਹੈ। ਇਸ ਸੈਸ਼ਨ ਵਿੱਚ ਜ਼ਿਲ੍ਹਾ ਮਾਨਸਾ ਦੇ 645 ਬੀ.ਐਲ.ਓਜ਼ ਨੇ ਸਿਖਲਾਈ ਲਈ ਹੈ। ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਅਤੇ ਮਾਸਟਰ ਟਰੇਨਰ ਵੱਲੋਂ ਇਸ ਟਰੇਨਿੰਗ ਦੌਰਾਨ ਵੋਟਰ ਸੂਚੀਆਂ ਦੀ ਸੁਧਾਈ, ਅਪਡੇਸ਼ਨ, ਘਰ-ਘਰ ਜਾ ਕੇ ਵੋਟਰ ਵੈਰੀਫਿਕੇਸ਼ਨ, ਵੋਟਰ ਸ਼ਨਾਖਤੀ ਕਾਰਡ, ਡਿਜੀਟਲ ਟੈਕਨਾਲੋਜੀ ਦੀ ਵਰਤੋਂ, ਚੋਣ ਪ੍ਰਕਿਰਿਆ ਦੌਰਾਨ ਭਰੇ ਜਾਣ ਵਾਲੇ ਫਾਰਮਾਂ, ਬੀ.ਐਲ.ਓ ਐਪ, ਵੋਟਰ ਹੈਲਪਲਾਈਨ ਮੋਬਾਇਲ ਐਪ ਆਦਿ ਦੇ ਕੰਮਕਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਟਰੇਨਿੰਗ ਖਤਮ ਹੋਣ ਉਪਰੰਤ ਬੀ.ਐਲ.ਓਜ਼ ਲਈ ਪ੍ਰਸ਼ਨ-ਉੱਤਰ ਸ਼ੈਸ਼ਨ ਵੀ ਰੱਖਿਆ ਗਿਆ ਅਤੇ ਅਸੈੱਸਮੈਂਟ ਟੈਸਟ ਲਿਆ ਗਿਆ। ਇਸ ਟਰੇਨਿੰਗ ਵਿੱਚ ਸ਼ਾਮਲ ਸਮੂਹ ਬੀ.ਐਲ.ਓਜ਼ ਨੂੰ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਪਾਸੋਂ ਭਾਗੀਦਾਰੀ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ।
