ਬਲਾਕ ਸ੍ਰੀ ਚਮਕੌਰ ਸਾਹਿਬ ਦੇ ਖੇਡ ਮੈਦਾਨਾਂ ‘ਚ ਦੂਜੇ ਦਿਨ ਰੋਮਾਂਚਕ ਮੁਕਾਬਲੇ

1
ਸ੍ਰੀ ਚਮਕੌਰ ਸਾਹਿਬ, 10 ਸਤੰਬਰ 2026 AJ DI Awaaj
Punjab Desk  : ‘ਖੇਡਾਂ ਵਤਨ ਪੰਜਾਬ ਦੀਆਂ-2026’ (ਸੀਜ਼ਨ-4) ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਦੂਜੇ ਦਿਨ ਅੱਜ ਅਮਰ ਸ਼ਹੀਦ ਬਾਬਾ ਅਜੀਤ ਸਿੰਘ-ਬਾਬਾ ਜੁਝਾਰ ਸਿੰਘ ਖੇਡ ਸਟੇਡੀਅਮ, ਸ੍ਰੀ ਚਮਕੌਰ ਸਾਹਿਬ ਵਿਖੇ ਵੱਖ-ਵੱਖ ਖੇਡਾਂ ਦੇ ਗਹਿਗੱਚ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਪੂਰੇ ਜੋਸ਼, ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਉਪ ਮੰਡਲ ਮੈਜਿਸਟ੍ਰੇਟ ਸ. ਪ੍ਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ, ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਅਤੇ ਕੋਚ ਸ੍ਰੀ ਸ਼ੀਲ ਭਗਤ ਤੇ ਮੈਡਮ ਵੰਦਨਾ ਬਾਹਰੀ ਦੀ ਦੇਖ-ਰੇਖ ਹੇਠ ਇਹ ਖੇਡ ਮੁਕਾਬਲੇ ਸੁਚੱਜੇ ਢੰਗ ਨਾਲ ਕਰਵਾਏ ਗਏ। ਖੇਡ ਮੈਦਾਨ ਵਿੱਚ ਖਿਡਾਰੀਆਂ ਦੇ ਨਾਲ-ਨਾਲ ਖੇਡ ਪ੍ਰੇਮੀਆਂ ਅਤੇ ਦਰਸ਼ਕਾਂ ਦੀ ਵੀ ਭਰਵੀਂ ਹਾਜ਼ਰੀ ਰਹੀ, ਜਿਸ ਨਾਲ ਪੂਰਾ ਮਾਹੌਲ ਉਤਸ਼ਾਹਪੂਰਨ ਬਣਿਆ ਰਿਹਾ।
ਇਸ ਸਬੰਧੀ ਮੀਡੀਆ ਕੋਆਰਡੀਨੇਟਰ ਸ੍ਰੀ ਰਾਬਿੰਦਰ ਸਿੰਘ ਰੱਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਲੀਬਾਲ ਦੇ 14 ਸਾਲਾ ਲੜਕੀਆਂ ਦੇ ਵਰਗ ਵਿੱਚ ਗਾਰਡਨ ਵੈਲੀ ਬੇਲਾ ਦੀ ਟੀਮ ਨੇ ਪਹਿਲਾ ਸਥਾਨ, ਸੰਤ ਬਾਬਾ ਪਿਆਰਾ ਸਿੰਘ ਸਕੂਲ ਸ੍ਰੀ ਚਮਕੌਰ ਸਾਹਿਬ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਬਜੀਦਪੁਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। 14 ਸਾਲਾ ਲੜਕਿਆਂ ਦੇ ਵਰਗ ਵਿੱਚ ਗਾਰਡਨ ਵੈਲੀ ਬੇਲਾ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ ਦੂਜੇ ਅਤੇ ਪਿਪਸ ਤੀਜੇ ਸਥਾਨ ’ਤੇ ਰਹੇ।
ਵਾਲੀਬਾਲ ਦੇ 17 ਸਾਲਾ ਲੜਕਿਆਂ ਦੇ ਵਰਗ ਵਿੱਚ ਗਾਰਡਨ ਵੈਲੀ ਬੇਲਾ ਦੀ ਟੀਮ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਬਜੀਦਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 17 ਸਾਲਾ ਲੜਕੀਆਂ ਦੇ ਵਰਗ ਵਿੱਚ ਪਿਪਸ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ ਨੇ ਦੂਜਾ ਅਤੇ ਗੁਰੂ ਗੋਬਿੰਦ ਸਿੰਘ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ।
ਵਾਲੀਬਾਲ ਦੇ 21 ਸਾਲਾ ਲੜਕਿਆਂ ਦੇ ਵਰਗ ਵਿੱਚ ਕਲੱਬ ਮਾਣੇ ਮਾਜਰਾ ਨੇ ਪਹਿਲਾ, ਸ਼ਹੀਦ ਭਗਤ ਸਿੰਘ ਕਲੱਬ ਕੋਟਲੀ ਨੇ ਦੂਜਾ ਅਤੇ ਵਾਲੀਬਾਲ ਕਲੱਬ ਸ੍ਰੀ ਚਮਕੌਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। 21 ਸਾਲਾ ਲੜਕੀਆਂ ਦੇ ਵਰਗ ਵਿੱਚ ਪਿਪਸ ਦੀ ਟੀਮ ਪਹਿਲੇ ਸਥਾਨ ’ਤੇ ਰਹੀ, ਜਦਕਿ ਗਾਰਡਨ ਵੈਲੀ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂਮਾਜਰਾ ਨੇ ਤੀਜਾ ਸਥਾਨ ਹਾਸਲ ਕੀਤਾ।
ਕਬੱਡੀ ਸਰਕਲ ਦੇ 17 ਸਾਲਾ ਲੜਕਿਆਂ ਦੇ ਵਰਗ ਵਿੱਚ ਖਾਲਸਾ ਸਕੂਲ ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਸਥਾਨ ਹਾਸਲ ਕੀਤਾ। ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਆਪਣੀ ਪ੍ਰਤਿਭਾ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਗਟਾਵਾ ਕੀਤਾ।
ਖੇਡ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ, ਕੋਚਾਂ, ਪੰਚਾਇਤੀ ਨੁਮਾਇੰਦਿਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ। ਇਸ ਮੌਕੇ ਬੀ.ਡੀ.ਪੀ.ਓ. ਸ੍ਰੀ ਅਜੈਬ ਸਿੰਘ, ਸ੍ਰੀ ਦਵਿੰਦਰ ਸਿੰਘ ਮਕੜੌਨਾ ਕਲਾਂ, ਸ੍ਰੀ ਇੰਦਰਜੀਤ ਸਿੰਘ ਹਾਫ਼ਿਜ਼ਾਬਾਦ, ਸ੍ਰੀ ਗੁਰਵਿੰਦਰ ਸਿੰਘ ਬਰਸਾਲਪੁਰ, ਸ੍ਰੀਮਤੀ ਦਲਜੀਤ ਕੌਰ ਚਮਕੌਰ ਸਾਹਿਬ, ਸ੍ਰੀਮਤੀ ਨਵਲ ਪ੍ਰੀਤ ਕੌਰ ਭੱਕੂਮਾਜਰਾ, ਸ੍ਰੀ ਸਰਬਜੀਤ ਸਿੰਘ ਦੁੱਮਣਾ, ਸ੍ਰੀਮਤੀ ਹਰਿੰਦਰ ਕੌਰ ਤੁੰਗ, ਸ੍ਰੀ ਗੁਰਿੰਦਰ ਸਿੰਘ ਹਾਫ਼ਿਜ਼ਾਬਾਦ, ਸ੍ਰੀ ਪੁਨੀਤ ਸਿੰਘ ਲਾਲੀ ਮਕੜੌਨਾ ਕਲਾਂ, ਸ੍ਰੀ ਹਰਪ੍ਰੀਤ ਸਿੰਘ ਭੱਕੂਮਾਜਰਾ, ਸ੍ਰੀ ਨਿਰਮਲ ਸਿੰਘ ਮਨੈਲੀ, ਸ੍ਰੀ ਗੁਰਿੰਦਰ ਸਿੰਘ ਮਹਿਤੋਤ, ਸ੍ਰੀ ਜੁਝਾਰ ਸਿੰਘ ਗਰਚਾ ਜ਼ਿਲ੍ਹਾ ਪ੍ਰਧਾਨ, ਸ੍ਰੀ ਜਰਨੈਲ ਸਿੰਘ ਭੂਰੜੇ, ਸ੍ਰੀ ਕੇਸਰ ਸਿੰਘ, ਸ੍ਰੀ ਓਮਵੀਰ ਸਿੰਘ ਅਤੇ ਸ੍ਰੀ ਜਸਵਿੰਦਰ ਸਿੰਘ ਭੁੱਲਰ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।