‘ਤੀਆਂ ਦਾ ਤਿਉਹਾਰ’ ਪੰਜਾਬੀ ਸੱਭਿਆਚਾਰ, ਲੋਕ ਰੀਤਾਂ ਅਤੇ ਪਰੰਪਰਾਵਾਂ ਦੀ ਜੀਵੰਤ ਤਸਵੀਰ ਪੇਸ਼ ਕਰਦਾ ਹੈ- ਸ੍ਰੀਮਤੀ ਰਾਜਬੀਰ ਕੌਰ ਕਲਸੀ

2

ਸ੍ਰੀਮਤੀ ਰਾਜਬੀਰ ਕੌਰ ਕਲਸੀ ਵਲੋਂ ਲਗਾਤਾਰ ਚੌਥੀ ਵਾਰ ਬਟਾਲੇ ਦੀਆਂ ਭੈਣਾਂ, ਧੀਆਂ ਤੇ ਮਾਵਾਂ ਨਾਲ ਮਿਲ ਕੇ ਮਨਾਇਆ ਗਿਆ ‘ਤੀਆਂ ਦਾ ਤਿਉਹਾਰ’

‘ਤੀਆਂ’ ਦੀਆਂ ਖੁਸ਼ੀਆਂ ਮੌਕੇ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਦਾ ਵਿਹੜਾ ਸ਼ਗਨਾਂ ਦੇ ਗੀਤਾਂ ਨਾਲ ਗੂੰਜ ਉੱਠਿਆ

ਉੱਘੀ ਗਾਇਕਾਵਾਂ ਬਾਣੀ ਸੰਧੂ, ਚੰਨ ਕੌਰ, ਕੰਚਨ ਸ਼ਰਮਾ ਅਤੇ ਇਲਾਹੀ ਸੋਹਲ ਆਪਣੀ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਕੀਤਾ ਰੂਪਮਾਨ

ਗਿੱਧਿਆਂ ਦੀ ਰਾਣੀ ਕਵਲੀਨ ਕੌਰ, ਗੁਰਨੂਰ ਕੌਰ ਅਤੇ ਬਰੁਨ ਕੌਰ ਮਾਨ, ਐਂਕਰ ਨੇ ਬੰਨ੍ਹਿਆ ਸਮਾਂ

ਮਹਿਲਾਵਾਂ ਨੇ ਗਿੱਧੇ ਅਤੇ ਲੋਕ ਗੀਤਾਂ ਜਰੀਏ ਆਪਣੇ ਮਨੋ-ਭਾਵਾਂ ਅਤੇ ਖੁਸ਼ੀ ਦਾ ਖੁੱਲ੍ਹ ਕੇ ਕੀਤਾ ਇਜ਼ਹਾਰ

ਬਟਾਲਾ, 9 ਅਗਸਤ 2026 Aj Di Awaaj 

Punjab Desk;  ਸ੍ਰੀਮਤੀ ਰਾਜਬੀਰ ਕੋਰ ਕਲਸੀ ਧਰਮਪਤਨੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਉੱਦਮ ਸਦਕਾ ਸਾਉਣ ਦੇ ਮਹੀਨੇ ਵਿੱਚ ਲਗਾਤਾਰ ਅੱਜ ਚੌਥੇ ਸਾਲ ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਵਿਖੇ ‘ਤੀਆਂ’ ਲੱਗੀਆਂ ਹਨ, ਜਿਸ ਵਿੱਚ ਵੱਡੀ ਗਿਣਤੀ ਮਹਿਲਾਵਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।

ਇਸ ਮੌਕੇ ਸ੍ਰੀਮਤੀ ਬਲਬੀਰ ਕੋਰ ਕਲਸੀ (ਮਾਤਾ ਜੀ ਵਿਧਾਇਕ ਸ਼ੈਰੀ ਕਲਸੀ), ਸ੍ਰੀਮਤੀ ਰਾਜਬੀਰ ਕੌਰ ਕਲਸੀ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਮੋਜੂਦ ਸਨ। ਇਸ ਮੌਕੇ ਉੱਘੀ ਗਾਇਕਾਵਾਂ ਬਾਣੀ ਸੰਧੂ, ਚੰਨ ਕੌਰ, ਕੰਚਨ ਸ਼ਰਮਾ ਅਤੇ ਇਲਾਹੀ ਸੋਹਲ ਆਪਣੀ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਰੂਪਮਾਨ ਕੀਤਾ ਅਤੇ ਗਿੱਧਿਆਂ ਦੀ ਰਾਣੀ ਕਵਲੀਨ ਕੌਰ, ਗੁਰਨੂਰ ਕੌਰ ਅਤੇ ਬਰੁਨ ਕੌਰ ਮਾਨ, ਐਂਕਰ ਨੇ ਅਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਮਾਂ ਬੰਨ੍ਹ ਕੇ ਰੱਖ ਦਿੱਤਾ।

‘ਤੀਆਂ’ ਦੀ ਮੁਬਾਰਕਬਾਦ ਅਤੇ ਸਾਰਿਆਂ ਦਾ ਪਹੁੰਚਣ ’ਤੇ ਧੰਨਵਾਦ ਕਰਦਿਆਂ ਸ੍ਰੀਮਤੀ ਰਾਜਬੀਰ ਕੋਰ ਕਲਸੀ ਨੇ ਕਿਹਾ ਕਿ ਪਿਛਲੇ ਸਾਰ ਸਾਲਾਂ ਤੋਂ ‘ਤੀਆਂ ਦਾ ਤਿਉਹਾਰ’ ਮਨਾਇਆ ਜਾ ਰਿਹਾ ਹੈ ਅਤੇ ਅਜਿਹੇ ਸਮਾਗਮ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਬਹੁਤ ਸਹਾਈ ਹੁੰਦੇ ਹਨ। ਉਨਾਂ ਅੱਗੇ ਕਿਹਾ ਕਿ ਸਾਵਣ ਦੇ ਮਹੀਨੇ ਵਿੱਚ ’ਤੀਆਂ ਦਾ ਤਿਉਹਾਰ’ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਰੱਖਦਾ ਹੈ। ਇਸ ਤਿਉਹਾਰ ਤੇ ਨਵ-ਵਿਆਹੀਆਂ ਔਰਤਾਂ ਆਪਣੇ ਪੇਕੇ ਪਰਿਵਾਰ ਵਿੱਚ ਆ ਕਿ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲਦੀਆਂ ਹਨ। ਔਰਤਾਂ ਤੇ ਕੁੜੀਆਂ ਇਕੱਠੀਆਂ ਹੋ ਕਿ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੀਆਂ ਹਨ।

ਸ੍ਰੀਮਤੀ ਰਾਜਬੀਰ ਕੌਰ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਦੀ ਰੌਣਕ
‘ਤੀਆਂ’ ਪੰਜਾਬ ਦਾ ਇੱਕ ਪ੍ਰਸਿੱਧ ਅਤੇ ਰੰਗ-ਬਰੰਗਾ ਲੋਕ ਤਿਉਹਾਰ ਹੈ, ਜੋ ਖਾਸ ਤੌਰ ‘ਤੇ ਔਰਤਾਂ ਅਤੇ ਕੁੜੀਆਂ ਵੱਲੋਂ ਸਾਵਣ ਮਹੀਨੇ ਦੌਰਾਨ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪੰਜਾਬੀ ਸੱਭਿਆਚਾਰ, ਲੋਕ ਰੀਤਾਂ ਅਤੇ ਪਰੰਪਰਾਵਾਂ ਦੀ ਜੀਵੰਤ ਤਸਵੀਰ ਪੇਸ਼ ਕਰਦਾ ਹੈ। ਮੀਂਹਾਂ ਦੇ ਮੌਸਮ ਵਿੱਚ ਜਦੋਂ ਕੁਦਰਤ ਹਰਿਆਲੀ ਦੀ ਚਾਦਰ ਓੜ ਲੈਂਦੀ ਹੈ, ਤਾਂ ਤੀਆਂ ਦਾ ਤਿਉਹਾਰ ਖੁਸ਼ੀਆਂ ਅਤੇ ਉਤਸ਼ਾਹ ਦਾ ਸੁਨੇਹਾ ਲੈ ਕੇ ਆਉਂਦਾ ਹੈ।

ਸ੍ਰੀਮਤੀ ਰਾਜਬੀਰ ਕੌਰ ਕਲਸੀ ਨੇ ਅੱਗੇ ਕਿਹਾ ਕਿ ਧੀਆਂ ਤੇ ਪੁੱਤਰਾਂ ਵਿੱਚ ਸਾਨੂੰ ਕੋਈ ਫਰਕ ਨਹੀਂ ਕਰਨਾ ਚਾਹੀਦਾ ਹੈ ਅਤੇ ਕੁੜੀਆਂ ਨੂੰ ਵੀ ਅੱਗੇ ਵਧਣ ਦੇ ਬਾਰਬਰ ਮੌਕੇ ਦੇਣੇ ਚਾਹੀਦੇ ਹਨ। ਉਨਾਂ ਕਿਹਾ ਕਿ ਅੱਜ ਹਰ ਖੇਤਰ ਵਿੱਚ ਕੁੜੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਤੇ ਦੇਸ਼-ਵਿਦੇਸ਼ ਵਿੱਚ ਆਪਣੀ ਵੱਖਰੀ ਪਹਿਚਾਣ ਸਥਾਪਤ ਕੀਤੀ ਹੈ।

ਸ੍ਰੀਮਤੀ ਰਾਜਬੀਰ ਕੋਰ ਕਲਸੀ ਨੇ ਅੱਗੇ ਕਿਹਾ ਕਿ ਸਾਨੂੰ ਕਦੇ ਵੀ ਆਪਣਾ ਪਿਛੋਕੜ ਭੁਲਾਉਣਾ ਨਹੀਂ ਚਾਹੀਦਾ ਹੈ। ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅੱਜ ‘ਤੀਆਂ ਦਾ ਤਿਉਹਾਰ’ ਮਨਾ ਕੇ ਅਮੀਰ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਉੱਦਮ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਦੇ ਇਸ ਅਮੀਰ ਵਿਰਸੇ ਨੂੰ ਸੰਭਾਲ ਕੇ ਰੱਖਣ ਲਈ ਹਰੇਕ ਪੰਜਾਬਣ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਇਸ ਤਿਉਹਾਰ ਸਬੰਧੀ ਚੰਗੀ ਤਰ੍ਹਾਂ ਜਾਣੂ ਕਰਵਾਇਆ ਜਾ ਸਕੇ।

‘ਤੀਆਂ’ ਦੇ ਤਿਉਹਾਰ ਮੌਕੇ ਰੰਗ-ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਸੱਜ਼ੀਆਂ ਮਹਿਲਾਵਾਂ ਨੇ ਗਿੱਧੇ ਅਤੇ ਲੋਕ ਗੀਤਾਂ ਜਰੀਏ ਆਪਣੇ ਮਨੋ-ਭਾਵਾਂ ਅਤੇ ਖੁਸ਼ੀ ਦਾ ਖੁੱਲ ਕੇ ਇਜ਼ਹਾਰ ਕੀਤਾ। ਇਸ ਮੌਕੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਔਰਤਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।

ਇਸ ਮੌਕੇ ਔਰਤਾਂ ਸਮੇਤ ਛੋਟੇ ਬੱਚਿਆਂ ਦੀ ਗਿੱਧੇ ਦੀ ਪੇਸ਼ਕਾਰੀ ਬਾ-ਕਮਾਲ ਸੀ। ‘ਤੀਆਂ’ ਦੀਆਂ ਖੁਸ਼ੀਆਂ ਮੌਕੇ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਦਾ ਵਿਹੜਾ ਸ਼ਗਨਾਂ ਦੇ ਗੀਤਾਂ ਨਾਲ ਗੂੰਜ ਉੱਠਿਆ। ਇਸ ਮੌਕੇ ਮਹਿਲਾਵਾਂ ਨੇ ਸਮਾਜ ਨੂੰ ਵਧੀਆ ਸੁਨੇਹਾ ਦੇਣ ਵਾਲੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ।

ਸਮਾਗਮ ਦੇ ਆਖਰ ਵਿੱਚ ਸ੍ਰੀਮਤੀ ਰਾਜਬੀਰ ਕੋਰ ਕਲਸੀ ਵਲੋਂ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਲ ਪੂਰੇ, ਖੀਰ ਤੇ ਪਕੌੜੇ ਦਾ ਸਾਰਿਆਂ ਨੇ ਖੂਬ ਅਨੰਦ ਮਾਣਿਆ।