ਨੰਗਲ 31 ਜੁਲਾਈ 2025 AJ DI Awaaj
Punjab Desk : ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਲੋਕਹਿੱਤ ਅਤੇ ਲੋਕਪੱਖੀ ਫੈਸਲਿਆਂ ਦਾ ਪ੍ਰਭਾਵ ਦਿਨੌ ਦਿਨ ਵੱਧ ਰਿਹਾ ਹੈ। ਮੰਤਰੀ ਮੰਡਲ ਵੱਲੋਂ ਨੰਗਲ ਨੂੰ ਬਲਾਕ ਦਾ ਦਰਜਾ ਦੇਣ ਦੇ ਫੈਸਲੇ ਦੀ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਉਪ ਮੰਡਲ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਸ਼ਲਾਘਾ ਕੀਤੀ ਹੈ।
ਅੱਜ ਪਿੰਡ ਭੰਗਲਾ ਦੇ ਵਸਨੀਕਾਂ ਜਸਵਿੰਦਰ ਸਿੰਘ, ਸਰਪੰਚ ਗੁਰਜੀਤ ਕੌਰ, ਗੁਰਪਾਲ ਸਿੰਘ, ਮਾਸਟਰ ਜੈਪਾਲ, ਸ਼ਾਮ ਸੈਣੀ, ਹੈਪੀ ਸੈਣੀ, ਸੰਜੂ, ਰਵੀ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਮਹਿੰਦਪੁਰ, ਖੇੜਾ ਕਲਮੋਟ, ਮਜਾਰੀ ਲੋਅਰ ਪਿੰਡਾਂ ਦੇ ਲੋਕਾਂ ਨੂੰ ਬਲਾਕ ਦਫਤਰ ਵਿੱਚ ਆਪਣੇ ਕੰਮਾਂ ਲਈ ਨੂਰਪੁਰ ਬੇਦੀ ਜਾਂ ਕੁਝ ਪਿੰਡਾਂ ਦੇ ਲੋਕਾਂ ਨੂੰ ਬਲਾਕ ਦਫਤਰ ਸ੍ਰੀ ਅਨੰਦਪੁਰ ਸਾਹਿਬ ਜਾਣਾ ਪੈਂਦਾ ਹੈ, ਜਦੋਂ ਕਿ ਸਾਡੀ ਤਹਿਸੀਲ ਅਤੇ ਸਬ ਡਵੀਜਨ ਨੰਗਲ ਹੈ। ਇਹ ਦਫਤਰਾਂ ਦੀ ਆਉਣ ਜਾਣ ਦੀ ਬੇਲੋੜੀ ਖੱਜਲ ਖੁਆਰੀ ਕਾਰਨ ਸਾਡਾ ਸਮਾਂ ਅਤੇ ਪੈਸੇ ਦੀ ਬਹੁਤ ਬਰਬਾਦੀ ਹੁੰਦੀ ਹੈ, ਜਦੋਂ ਅਸੀ ਸ.ਹਰਜੋਤ ਸਿੰਘ ਬੈਂਸ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਨੂੰ ਆਪਣੀ ਇਸ ਵਾਜਬ ਮੰਗ ਬਾਰੇ ਦੱਸਿਆ ਤਾਂ ਸਾਡੇ ਇਲਾਕੇ ਦੀਆਂ ਬਹੁਤ ਸਾਰੀਆ ਪੰਚਾਇਤਾਂ, ਪਿੰਡਾਂ ਦੇ ਲੋਕਾਂ ਨੇ ਇਸ ਮੰਗ ਦਾ ਸਮਰਥਨ ਕੀਤਾ ਅਤੇ ਇਹ ਮੁਸ਼ਕਿਲ ਹੱਲ ਕਰਨ ਦੀ ਮੰਗ ਕੀਤੀ। ਸਾਡੀਆਂ ਔਕੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰਜੋਤ ਸਿੰਘ ਬੈਂਸ ਨੇ ਇਹ ਮਾਮਲਾ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਲਿਆਦਾ ਅਤੇ ਇਸ ਬਾਰੇ ਮੰਤਰੀ ਮੰਡਲ ਵਿੱਚ ਫੈਸਲਾ ਕਰਕੇ ਨੰਗਲ ਨੂੰ ਵੱਖਰਾ ਬਲਾਕ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਇਹ ਬਲਾਕ ਇਸੇ ਤਰਾਂ ਬਣੇ ਹੋਏ ਹਨ, ਪਿੰਡ ਇਨ੍ਹਾਂ ਬਲਾਕਾਂ ਨਾਲ ਜੁੜੇ ਹੌਏ ਹਨ, ਜਦੋਂ ਕਿ ਪਿੰਡਾਂ ਦੀ ਵਸੋ, ਪਿੰਡਾਂ ਦੀ ਭੂਗੋਲਿਕ ਸਥਿਤੀ, ਅਬਾਦੀ ਦੀ ਗਿਣਤੀ ਅਤੇ ਹਾਲਾਤ ਬਹੁਤ ਬਦਲ ਚੁੱਕੇ ਹਨ, ਹੁਣ ਸਾਨੂੰ ਵੱਡੀ ਰਾਹਤ ਮਿਲੀ ਹੈ, ਸਾਰੇ ਇਲਾਕਾ ਵਾਸੀ ਇਸ ਫੈਸਲੇ ਤੋ ਬੇਹੱਦ ਖੁਸ਼ ਹਨ।
ਜਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਜਿਲ੍ਹਾ ਰੂਪਨਗਰ ਦੇ ਉਪ ਮੰਡਲ ਨੰਗਲ ਨੂੰ ਬਲਾਕ ਦਾ ਦਰਜਾ ਦਿੱਤੇ ਜਾਣ ਦੀ ਖਬਰ ਪਹੁੰਚਣ ਨਾਲ ਨੰਗਲ ਦੇ ਆਲੇ ਦੁਆਲੇ ਦੀ ਵਸ਼ ਵਾਲੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਹੈ। ਇਸ ਤੋ ਪਹਿਲਾ ਨੰਗਲ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿਕਾਸ ਵਿੱਚ ਬਹੁਤ ਵੱਡੀ ਰੁਕਾਵਟ ਸੀ ਕਿ ਭੂਗੋਲਿਕ ਪੱਖੋ ਪੰਜਾਬ ਹਿਮਾਚਲ ਪ੍ਰਦੇਸ਼ ਹੱਦ ਨਾਲ ਲੱਗਦੇ ਇਸ ਇਲਾਕੇ ਵਿੱਚ ਵਿਕਾਸ ਕਰਵਾਉਣ ਸਮੇਂ ਕਈ ਰੁਕਾਵਟਾਂ ਆ ਰਹੀਆਂ ਸਨ।
ਇਨ੍ਹਾਂ ਇਲਾਕਿਆਂ ਦੇ ਹੋਰ ਵਸਨੀਕਾਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਭੰਗਲਾ, ਮਹਿੰਦਪੁਰ, ਖੇੜਾ ਕਲਮੋਟ, ਮਜਾਰੀ ਲੋਅਰ ਪਿੰਡਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੇਂਡੂ ਇਲਾਕਿਆਂ ਵਿੱਚ ਪ੍ਰਬੰਧਕੀ ਵਿਵਸਥਾ ਅਤੇ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੱਡੇ ਪ੍ਰਸ਼ਾਸਕੀ ਸੁਧਾਰ ਲਿਆਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਪੇਂਡੂ ਵਿਕਾਸ ਬਲਾਕਾਂ ਦੇ ਪੁਨਰਗਠਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਤਾਂ ਕਿ ਇਨ੍ਹਾਂ ਬਲਾਕਾਂ ਨੂੰ ਜ਼ਿਲ੍ਹੇ ਦੀਆਂ ਹੱਦਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਫੈਸਲੇ ਨਾਲ ਪ੍ਰਸ਼ਾਸਕੀ ਕੁਸ਼ਲਤਾ ਵਿੱਚ ਵਿਆਪਕ ਸੁਧਾਰ ਹੋਵੇਗਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਿੱਜੀ ਦਖਲ ਦੇ ਕੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਮੰਗ ਪੂਰੀ ਕੀਤੀ ਹੈ, ਹੁਣ ਪੰਚਾਇਤਾਂ ਨੂੰ ਵਿਕਾਸ ਦੀ ਰਫਤਾਰ ਨੂੰ ਗਤੀ ਦੇਣ ਦਾ ਰਾਹ ਪੱਧਰਾ ਹੋਵੇਗਾ।
