ਮਾਨਸਾ, 04 ਅਕਤੂਬਰ 2025 AJ DI Awaaj
Punjab Desk : ਜਿ਼ਲ੍ਹੇ ਨੂੰ ਜ਼ੀਰੋ ਬਰਨਿੰਗ ਬਣਾਉਣ ਦੇ ਟੀਚੇ ਦੀ ਲਗਾਤਾਰਤਾ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਕੋਟ ਧਰਮੂ, ਭਾਈ ਦੇਸਾ, ਦਿਆਲਪੁਰਾ, ਅਤਲਾ ਖੁਰਦ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ।
ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਨਸਾ ਵੱਲੋਂ ਜਿਲ੍ਹੇ ਦੇ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ, ਪੰਚਾਇਤਾਂ ਨਾਲ ਮੀਟਿੰਗਾਂ, ਜਾਗਰੂਕਤਾ ਵੈਨਾਂ ਅਤੇ ਪੰਫਲੈਟ ਰਾਹੀਂ ਕਿਸਾਨਾਂ ਨੂੰ ਜ਼ੀਰੋ ਬਰਨਿੰਗ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹਨਾਂ ਕੈਂਪਾਂ ਵਿੱਚ ਅਧਿਕਾਰੀਆਂ ਵੱਲੋਂ ਸਰਕਾਰ ਦੁਆਰਾ ਕਿਸਾਨਾਂ ਨੂੰ ਸਬਸਿਡੀ *ਤੇ ਦਿੱਤੀ ਗਈ ਮਸ਼ੀਨਰੀ ਜਿਵੇਂ ਕਿ ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ, ਬੇਲਰ, ਹੈਪੀ ਸੀਡਰ, ਸਰਫੇਸ ਸੀਡਰ ਆਦਿ ਦੀ ਵਰਤੋਂ ਸਬੰਧੀ ਤਕਨੀਕੀ ਗਿਆਨ ਦਿੱਤਾ ਗਿਆ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਇਸ ਦਾ ਸੁਚੱਜਾ ਪ੍ਰਬੰਧਨ ਕੀਤਾ ਜਾਵੇ ਤਾਂ ਜੋ ਨਾ ਸਿਰਫ਼ ਵਾਤਾਵਰਨ ਦਾ ਪ੍ਰਦੂਸ਼ਨ ਤੋਂ ਬਚਾਅ ਹੋਵੇਗਾ ਸਗੋਂ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਵੇਗਾ, ਕਿਉਂਕਿ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ, ਜਿਸ ਕਾਰਨ ਖਾਦਾਂ ਦੀ ਵਧੇਰੇ ਜਰੂਰਤ ਪੈਂਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਇਹ ਵੀ ਜਾਣੂੰ ਕਰਵਾਇਆ ਕਿ ਅੱਗ ਲਗਾਉਣ ਨਾਲ ਜ਼ਮੀਨ ਵਿਚਲੇ ਮਿੱਤਰ ਕੀੜੇ ਖਾਸ ਕਰਕੇ ਗੰਢੋਏ ਆਦਿ ਵੀ ਮਰ ਜਾਂਦੇ ਹਨ, ਜਿੰਨਾਂ ਕਰਕੇ ਖੇਤਾਂ ਦੀ ਉੱਪਰਲੀ ਤਹਿ ਸਖ਼ਤ ਹੋ ਜਾਂਦੀ ਹੈ। ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਨਾਲ ਧਰਤੀ ਦੇ ਆਰਗੈਨਿਕ ਮਾਦੇ ਦੀ ਪੂਰਤੀ ਹੁੰਦੀ ਹੈ ਅਤੇ ਪਾਣੀ ਜਜ਼ਬ ਕਰਨ ਦੀ ਸ਼ਕਤੀ ਵਧਦੀ ਹੈ। ਇਹਨਾਂ ਜਾਗਰੂਕਤਾ ਕੈਂਪਾਂ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਤੋਂ ਇਲਾਵਾ ਪਿੰਡਾਂ ਦੇ ਕਿਸਾਨ ਹਾਜਰ ਸਨ।
