14 ਫਰਵਰੀ Aj Di Awaaj
12 ਅਕਤੂਬਰ 2024 ਨੂੰ ਥਾਣਾ ਲੋਪੋਕੇ ਦੇ ਪਿੰਡ ਰਾਣੀਆਂ ਦੀ ਵਸਨੀਕ ਸੀਮਾ ਕੌਰ ਦੇ ਘਰ ਇਕ ਧੀ ਦਾ ਜਨਮ ਹੋਇਆ, ਪਰ ਉਸ ਨੇ ਅੱਜ ਤੱਕ ਆਪਣੀ ਧੀ ਦਾ ਮੂੰਹ ਵੀ ਨਹੀਂ ਦੇਖਿਆ। ਕਿਉਂਕਿ ਜਿਸ ਹਸਪਤਾਲ ’ਚ ਉਸ ਨੇ ਆਪਣੀ ਧੀ ਨੂੰ ਜਨਮ ਦਿੱਤਾ ਸੀ, ਉਸ ਦੇ ਮਾਲਕ ਡਾਕਟਰ ਨੇ ਦੋ ਆਸ਼ਾ ਵਰਕਰਾਂ ਨਾਲ ਮਿਲ ਕੇ ਉਸ ਦੀ ਧੀ ਵੇਚ ਦਿੱਤੀ ਸੀ। ਅੱਜ ਵੀ ਔਰਤ ਆਪਣੀ ਧੀ ਦਾ ਚਿਹਰਾ ਦੇਖਣ ਲਈ ਤਰਸ ਰਹੀ ਹੈ। ਔਰਤ ਨੂੰ ਉਮੀਦ ਹੈ ਕਿ ਪੁਲਿਸ ਉਸ ਨੂੰ ਇਨਸਾਫ਼ ਦਿਵਾਏਗੀ ਤੇ ਉਸ ਦਾ ਬੱਚਾ ਵਾਪਸ ਦਿਵਾਏਗੀ। ਜਦੋਂ ਔਰਤ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਸਪਤਾਲ ਦੇ ਮਾਲਕ ਡਾ. ਪੰਕਜ ਸ਼ਰਮਾ, ਡਾ. ਸਰਬਜੀਤ ਸਿੰਘ, ਆਸ਼ਾ ਵਰਕਰ ਨੀਤੂ ਤੇ ਆਸ਼ਾ ਵਰਕਰ ਸੰਦੀਪ ਕੌਰ ਵਿਰੁੱਧ ਮਾਮਲਾ ਦਰਜ ਕਰ ਲਿਆ। ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਬੱਚਾ ਖਰੀਦਣ ਵਾਲਿਆਂ ਦੀ ਵੀ ਪਛਾਣ ਕੀਤੀ ਜਾਵੇਗੀ।














