ਗੁਰਦਾਸਪੁਰ: 07 July 2026 AJ DI Awaaj
Punjab Desk : ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਇੱਕ ਅਧਿਆਪਕ ਨੇ ਕਥਿਤ ਤੌਰ ‘ਤੇ SIR ਡਿਊਟੀ ਦੇ ਦਬਾਅ ਕਾਰਨ ਨਹਿਰ ਵਿੱਚ ਛਾਲ ਮਾਰ ਦਿੱਤੀ। ਘਟਨਾ ਤੋਂ ਬਾਅਦ ਪੁਲਿਸ ਅਤੇ ਗੋਤਾਖੋਰਾਂ ਵੱਲੋਂ ਅਧਿਆਪਕ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ, ਭੈਣੀ ਮੀਆਂਖਾਨ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਅਧਿਆਪਕ ਗੁਰਪ੍ਰੀਤ ਸਿੰਘ ਨੇ ਮੰਗਲਵਾਰ ਸਵੇਰੇ ਭੱਟੀਆਂ ਪੁਲ ਨੇੜੇ ਆਪਣੀ ਕਾਰ ਖੜ੍ਹੀ ਕਰਨ ਤੋਂ ਬਾਅਦ ਨਹਿਰ ਵਿੱਚ ਛਾਲ ਮਾਰ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ।
ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਨੇ ਆਪਣੇ ਇੱਕ ਸਾਥੀ ਅਧਿਆਪਕ ਨੂੰ ਫ਼ੋਨ ਕਰਕੇ ਨਹਿਰ ਕੰਢੇ ਹੋਣ ਦੀ ਜਾਣਕਾਰੀ ਦਿੱਤੀ ਅਤੇ ਕਥਿਤ ਤੌਰ ‘ਤੇ SIR ਡਿਊਟੀ ਦੇ ਦਬਾਅ ਕਾਰਨ ਮਾਨਸਿਕ ਤਣਾਅ ਵਿੱਚ ਹੋਣ ਦੀ ਗੱਲ ਸਾਂਝੀ ਕੀਤੀ।
ਸਾਥੀ ਅਧਿਆਪਕਾਂ ਅਤੇ ਪਿੰਡ ਦੇ ਸਰਪੰਚ ਮੁਤਾਬਕ, ਗੁਰਪ੍ਰੀਤ ਸਿੰਘ ਨੇ ਦੱਸਿਆ ਸੀ ਕਿ ਉਹ ਨਿਰਧਾਰਿਤ ਸਮੇਂ ਅੰਦਰ ਡਿਊਟੀ ਪੂਰੀ ਨਾ ਕਰ ਸਕਣ ਕਾਰਨ ਬਹੁਤ ਪ੍ਰੇਸ਼ਾਨ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਨਹਿਰ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ।














