7 ਮਾਰਚ 2025 Aj Di Awaaj
ਪੰਜਾਬ ਸਰਕਾਰ ਨੇ ਰਜਿਸਟਰਡ ਉਸਾਰੀ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਬੀਮਾ ਯੋਜਨਾ ਤਹਿਤ 5 ਲੱਖ ਤੱਕ ਦੀ ਮੁਫ਼ਤ ਮੈਡੀਕਲ ਸਹਾਇਤਾ ਦਿਓਣ ਦਾ ਫੈਸਲਾ ਲਿਆ ਹੈ। ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਹਾਇਤਾ ਕਿਸੇ ਵੀ ਐਮਪੈਨਲਡ ਹਸਪਤਾਲ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਨੇ ਦੱਸਿਆ ਕਿ ਰਜਿਸਟਰਡ ਉਸਾਰੀ ਕਿਰਤੀ ਨੂੰ ਇਸ ਸਕੀਮ ਦਾ ਲਾਭ ਉਠਾਉਣ ਲਈ ਆਯੂਸ਼ਮਾਨ ਕਾਰਡ ਬਣਵਾਉਣਾ ਪਵੇਗਾ, ਜੋ ਕਿ ਸਰਕਾਰੀ ਹਸਪਤਾਲ ਵਿੱਚ ਬਣਵਾਇਆ ਜਾ ਸਕਦਾ ਹੈ। ਇਸ ਕਾਰਡ ਦੇ ਨਾਲ ਉਹ ਆਯੂਸ਼ਮਾਨ ਮੁੱਖ ਮੰਤਰੀ ਬੀਮਾ ਯੋਜਨਾ ਅਧੀਨ ਸਿਹਤ ਸਹਾਇਤਾ ਦਾ ਫ਼ਾਇਦਾ ਉਠਾ ਸਕਦੇ ਹਨ।ਹੋਰ ਜਾਣਕਾਰੀ ਦਿੰਦੇ ਹੋਏ, ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਸਾਰੀ ਕਿਰਤੀਆਂ ਦੀ ਭਲਾਈ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰ ਵੈੱਲਫੇਅਰ ਬੋਰਡ ਦੀ ਸਥਾਪਨਾ ਕੀਤੀ ਹੈ। ਇਸ ਤਹਿਤ, ਉਹ ਕਿਰਤੀ ਜੋ 18 ਤੋਂ 60 ਸਾਲ ਦੀ ਉਮਰ ਵਿੱਚ ਹੋਵੇ ਅਤੇ ਜਿਸਨੇ ਪਿਛਲੇ ਇੱਕ ਸਾਲ ਵਿੱਚ ਘੱਟੋ-ਘੱਟ 90 ਦਿਨ ਉਸਾਰੀ ਮਜ਼ਦੂਰ ਵਜੋਂ ਕੰਮ ਕੀਤਾ ਹੋਵੇ, ਉਹ ਰਜਿਸਟਰਡ ਹੋ ਕੇ ਇਸ ਲਾਭ ਦਾ ਹੱਕਦਾਰ ਬਣ ਸਕਦੇ ਹਨ।
