Ferozepur 18 Sep 2026 AJ DI Awaaj
Punjab Desk : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ (ਐੱਸ.ਬੀ.ਐੱਸ.ਐੱਸ.ਯੂ.), ਫ਼ਿਰੋਜ਼ਪੁਰ ਵੱਲੋਂ ਅਧਿਆਪਕਾਂ ਨੂੰ ਡਿਜੀਟਲ ਸਿੱਖਿਆ ਪਹਿਲਕਦਮੀਆਂ, ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਅਤੇ ਅਕਾਦਮਿਕ ਕ੍ਰੈਡਿਟ ਟ੍ਰਾਂਸਫਰ ਪ੍ਰਣਾਲੀ ਬਾਰੇ ਜਾਣੂ ਕਰਵਾਉਣ ਹਿੱਤ ਇੱਕ ‘ਸਵਯਮ–ਐੱਨ.ਪੀ.ਟੀ.ਈ.ਐੱਲ.’ ਜਾਗਰੂਕਤਾ ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ।
ਇਹ ਵਰਕਸ਼ਾਪ ਮਾਣਯੋਗ ਵਾਈਸ-ਚਾਂਸਲਰ ਡਾ. ਸੁਰੇਸ਼ ਸ਼ਰਮਾ ਅਤੇ ਸਰਪ੍ਰਸਤ ਡਾ. ਰਾਜੀਵ ਅਰੋੜਾ ਦੀ ਅਗਵਾਈ ਹੇਠ ਸੰਪੰਨ ਹੋਈ, ਜਿਸ ਵਿੱਚ ਡਾ. ਰਾਜੀਵ ਕੁਮਾਰ ਗਰਗ ਨੇ ਓਵਰਆਲ ਕੋਆਰਡੀਨੇਟਰ ਅਤੇ ਸ਼੍ਰੀ ਗੁਰਨਾਮ ਸਿੰਘ ਨੇ ਸਵਯਮ–ਐੱਨ.ਪੀ.ਟੀ.ਈ.ਐੱਲ. ਲੋਕਲ ਚੈਪਟਰ ਦੇ ਐੱਸ.ਪੀ.ਓ.ਸੀ. (SPOC) ਵਜੋਂ ਭੂਮਿਕਾ ਨਿਭਾਈ। ਇਸ ਮੌਕੇ ਮੁੱਖ ਬੁਲਾਰਿਆਂ ਵਜੋਂ ਡਾ. ਅੰਗਨਾ ਸੇਨਗੁਪਤਾ (ਲੋਕਲ ਚੈਪਟਰ ਕੋਆਰਡੀਨੇਟਰ, ਆਈ.ਆਈ.ਟੀ. ਕਾਨਪੁਰ) ਅਤੇ ਸ਼੍ਰੀ ਲਖਵੀਰ ਸਿੰਘ ਖੰਨਾ (ਸਹਾਇਕ ਪ੍ਰੋਫ਼ੈਸਰ, ਜੀ.ਐੱਨ.ਡੀ.ਈ.ਸੀ. ਲੁਧਿਆਣਾ) ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
ਡਾ. ਸੇਨਗੁਪਤਾ ਨੇ ਸੰਸਥਾਵਾਂ ਲਈ ਐੱਨ.ਪੀ.ਟੀ.ਈ.ਐੱਲ. ਲੋਕਲ ਚੈਪਟਰਾਂ ਦੀ ਮਹੱਤਤਾ ਅਤੇ ਲਾਭਾਂ ‘ਤੇ ਚਾਨਣਾ ਪਾਇਆ, ਜਦਕਿ ਸ਼੍ਰੀ ਖੰਨਾ ਨੇ ਆਪਣੇ ਦਸ ਸਾਲਾਂ ਦੇ ਤਜਰਬੇ ਦੇ ਆਧਾਰ ‘ਤੇ ਡਿਜੀਟਲ ਅਧਿਆਪਨ ਪ੍ਰਣਾਲੀ ਅਤੇ ਫੈਕਲਟੀ ਦੀ ਸਰਗਰਮ ਭਾਗੀਦਾਰੀ ‘ਤੇ ਜ਼ੋਰ ਦਿੱਤਾ। ਵਿਚਾਰ-ਵਟਾਂਦਰੇ ਦੇ ਦੌਰ ਦੌਰਾਨ ਅਧਿਆਪਕਾਂ ਨੇ ਕੋਰਸਾਂ ਵਿੱਚ ਦਾਖ਼ਲੇ, ਮੈਂਟਰਿੰਗ ਅਤੇ ਪ੍ਰੀਖਿਆ ਪ੍ਰਕਿਰਿਆ ਸੰਬੰਧੀ ਆਪਣੇ ਸਵਾਲ ਸਾਂਝੇ ਕੀਤੇ।
ਸਮਾਗਮ ਦੀ ਸਮਾਪਤੀ ਮੌਕੇ ਉੱਚ ਮਿਆਰੀ ਸਿੱਖਿਆ ਅਤੇ ਹੁਨਰ ਵਿਕਾਸ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ ਅਤੇ ਭਾਗ ਲੈਣ ਵਾਲੇ ਸਮੂਹ ਅਧਿਆਪਕਾਂ ਨੂੰ ਭਾਗੀਦਾਰੀ ਸਰਟੀਫਿਕੇਟ ਤਕਸੀਮ ਕੀਤੇ ਗਏ।















