ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਨਰਮੇ ਦੇ ਖੇਤਾਂ ਦਾ ਸਰਵੇਖਣ

30

ਮਾਨਸਾ, 04 ਅਗਸਤ 2025 AJ DI Awaaj
Punjab Desk : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਡਾ. ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਖੇਤੀਬਾੜੀ ਵਿਭਾਗ ਵੱਲੋਂ ਜਿ਼ਲ੍ਹੇ ਦੇ ਪਿੰਡ ਤਲਵੰਡੀ ਅਕਲੀਆ, ਖਿਆਲੀ ਚਹਿਲਾਂਵਾਲੀ, ਸਾਹਨੇਵਾਲੀ, ਮਾਨਸਾ ਕਲਾਂ, ਰਮਦਿੱਤੇ ਵਾਲਾ, ਮੂਸਾ, ਘਰਾਂਗਣਾ, ਖਿਆਲਾ ਕਲਾਂ, ਮਲਕਪੁਰ ਖਿਆਲਾ, ਗਾਗੋਵਾਲ, ਆਲੀਕੇ ਆਦਿ ਵਿਖੇ ਨਰਮੇ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ।
ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤ ਪਾਲ ਕੌਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਮਾਨਸਾ ਦੀਆਂ ਟੀਮਾਂ ਵੱਲੋਂ ਹਰ ਸੋਮਵਾਰ ਅਤੇ ਵੀਰਵਾਰ ਨੂੰ ਨਰਮੇ ਦਾ ਸਰਵੇਖਣ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਵੇਖਣ ਦੀ ਰਿਪੋਰਟ ਮੁਤਾਬਿਕ ਮਾਨਸਾ ਜਿ਼ਲ੍ਹੇ ਵਿੱਚ ਕਿਤੇ ਵੀ ਹਰਾ ਤੇਲਾ, ਚਿੱਟਾ ਮੱਛਰ, ਗੁਲਾਬੀ ਸੁੰਡੀ ਅਤੇ ਭੂਰੀ ਜੂੰ ਕੀਟਾਂ ਦੀ ਸੰਖਿਆ ਆਰਥਿਕ ਕਗਾਰ ਤੋਂ ਵੱਧ ਨਹੀਂ ਹੈ।
ਉਨ੍ਹਾਂ ਦੱਸਿਆ ਗਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਵੱਧ ਤੋਂ ਵੱਧ ਤਕਨੀਕੀ ਕੈਂਪ ਲਗਾ ਕੇ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦੀਆਂ ਬਿਮਾਰੀਆਂ ਅਤੇ ਕੀਟਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਨਰਮੇ ਵਿੱਚ ਕੋਈ ਬਿਮਾਰੀ ਜਾਂ ਕੀਟ ਪਾਇਆ ਜਾਵੇ ਤਾਂ ਸਬੰਧਤ ਮੁੱਖ ਖੇਤੀਬਾੜੀ ਅਫ਼ਸਰ ਜਾਂ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ।