ਮਾਲੇਰਕੋਟਲਾ, 09 ਫਰਵਰੀ 2026 AJ DI Awaaj
Punjab Desk : ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ, ਉਦਯੋਗ ਅਤੇ ਵਣਜ ਵਿਭਾਗ ਪੰਜਾਬ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਤਹਿਤ ਸਿਹਤ, ਸਨਮਾਨ ਅਤੇ ਸੱਭਿਆਚਾਰ ਦੇ ਮਹਾ-ਉਤਸਵ ਵਜੋਂ “ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ” ਮਿਤੀ 13 ਤੋਂ 15 ਫਰਵਰੀ ਤੱਕ ਸਰਕਾਰੀ ਕਾਲਜ, ਮਾਲੇਰਕੋਟਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਇਹ ਮੇਲਾ ਪੰਜਾਬ ਸਰਕਾਰ ਦੀ ਮਹੱਤਵਾਕਾਂਕਸ਼ੀ ਮੁਹਿੰਮ “ਸਾਡੇ ਬਜ਼ੁਰਗ, ਸਾਡਾ ਮਾਣ” ਤਹਿਤ 13 ਫਰਵਰੀ ਨੂੰ ਜ਼ਿਲ੍ਹਾ ਪੱਧਰੀ ਮੁਫ਼ਤ ਮੈਗਾ ਸਿਹਤ ਚੈਕਅੱਪ ਅਤੇ ਖੂਨਦਾਨ ਕੈਂਪ ਦੇ ਆਯੋਜਨ ਨਾਲ ਵੀ ਜੋੜਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੇਲਾ ਅੱਖੋਂ-ਪਰੋਖੀਆਂ ਹੋ ਰਹੀਆਂ ਪੰਜਾਬੀ ਵਿਰਸੇ ਨਾਲ ਜੁੜੀਆਂ ਕਲਾਵਾਂ ਨੂੰ ਮੁੜ ਜੀਵੰਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਇਹ ਆਯੋਜਨ ਕੇਵਲ ਮਨੋਰੰਜਨ ਤੱਕ ਸੀਮਤ ਨਹੀਂ ਰਹੇਗਾ, ਸਗੋਂ ਕਲਾਕਾਰਾਂ ਦੀ ਮਿਹਨਤ, ਹੁਨਰ ਅਤੇ ਰਚਨਾਤਮਕਤਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਵੱਡਾ ਮੰਚ ਸਾਬਿਤ ਹੋਵੇਗਾ।
ਇਸ ਮੌਕੇ “ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ” ਦਾ ਸੱਦਾ ਪੱਤਰ ਅਤੇ ਪੋਸਟਰ ਲਾਂਚ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਸਮਾਗਮ ਵਿੱਚ ਐਂਟਰੀ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ। ਉਨ੍ਹਾਂ ਸਮੂਹ ਨਿਵਾਸੀਆਂ, ਕਲਾ-ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਪਰਿਵਾਰ ਸਮੇਤ ਇਸ ਮੇਲੇ ਦਾ ਆਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੱਤਾ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਦੌਰਾਨ ਮਾਲੇਰਕੋਟਲਾ ਦੇ ਸਥਾਨਕ ਖਾਣ-ਪੀਣ ਦੇ ਪਕਵਾਨ, ਫੁੱਲ-ਬੂਟਿਆਂ ਦੀਆਂ ਸਟਾਲਾਂ, ਚੂੜੀਆਂ, ਮਿੱਟੀ ਅਤੇ ਪਿੱਤਲ ਦੇ ਭਾਂਡੇ, ਲੋਹੇ ਦੇ ਉਪਕਰਣ (ਤਵੇ, ਕੜਾਹੀਆਂ, ਤਸਲੇ ਆਦਿ), ਪੰਜਾਬੀ ਜੁੱਤੀ, ਕਢਾਈ-ਬੁਣਾਈ ਨਾਲ ਤਿਆਰ ਵਸਤਾਂ, ਝੂਲੇ, ਬੀਨ ਸਪਰੇ, ਕੱਠਪੁਤਲੀ ਸੋਅ, ਬਾਇਓ-ਸਕੋਪ ਅਤੇ ਹੋਰ ਲੋਕ ਕਲਾਕਾਰਾਂ ਦੇ ਕਰਤੱਬ ਦਰਸ਼ਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਹੋਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੈਸਟੀਵਲ ਦੌਰਾਨ ਨਾਮਵਰ ਸੂਫ਼ੀ ਕਲਾਕਾਰਾਂ ਵੱਲੋਂ ਰੂਹਾਨੀ ਪੇਸ਼ਕਾਰੀਆਂ ਪੇਸ਼ ਕੀਤੀਆਂ ਜਾਣਗੀਆਂ। 13 ਫਰਵਰੀ ਨੂੰ ਅਸ਼ਫਾਕ ਮਲਿਕ, ਰਜਾ ਹੀਰ ਅਤੇ ਫਿਰੋਜ਼ ਖਾਨ, 14 ਫਰਵਰੀ ਨੂੰ ਅਰਸ਼ ਸੁਹੇਲ, ਮਾਣਕ ਅਲੀ ਅਤੇ ਕੰਵਰ ਗਰੇਵਾਲ ਅਤੇ 15 ਫਰਵਰੀ ਨੂੰ ਸਲਾਮਤ ਅਲੀ, ਕਮਲ ਖਾਨ ਅਤੇ ਅਲੀ ਜ਼ੈਨ ਆਪਣੇ ਸੁਰਾਂ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਛੂਹਣਗੇ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ (ਕਲਕੱਤਾ), ਰਾਜਸਥਾਨ ਆਦਿ ਰਾਜਾਂ ਤੋਂ ਆਉਣ ਵਾਲੀਆਂ ਮਹਿਲਾ ਉੱਧਮੀਆਂ, ਸ਼ਿਲਪਕਾਰਾਂ ਅਤੇ ਮਹਿਲਾ ਸਵੈ-ਸਹਾਇਤਾ ਗਰੁੱਪਾਂ ਵੱਲੋਂ ਤਿਆਰ ਕੀਤੀਆਂ ਵਿਲੱਖਣ ਹੱਥ ਸ਼ਿਲਪ ਰਚਨਾਵਾਂ ਵੀ ਮੇਲੇ ਦੀ ਸ਼ਾਨ ਵਧਾਉਣਗੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਅਤੇ ਐਸ.ਡੀ.ਐਮ. ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ ਵੀ ਮੌਜੂਦ ਸਨ।














