ਅਮਰਗੜ੍ਹ/ਮਾਲੇਰਕੋਟਲਾ, 3 ਦਸੰਬਰ 2025 AJ DI Awaaj
Punjab Desk : ਨੌਜਵਾਨ ਪੀੜ੍ਹੀ ਦੀ ਚੰਗੀ ਸਿਹਤ ਦੇ ਮੱਦੇਨਜਰ ਤੰਬਾਕੂ ਦੀ ਵਰਤੋਂ ਤੋਂ ਛੁਟਕਾਰੇ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਮਾਲੇਰਕੋਟਲਾ ਵਿੱਚ “ਤੰਬਾਕੂ ਮੁਕਤ ਜਵਾਨੀ ਮੁਹਿੰਮ” ਲਗਾਤਾਰ ਚਲਾਈ ਜਾ ਰਹੀ ਹੈ। ਸਿਵਲ ਸਰਜਨ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕੋਟਪਾ ਐਕਟ ਅਧੀਨ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਵੀ ਜਾਰੀ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਬਲਾਕ ਅਮਰਗੜ੍ਹ ਵਿੱਚ ਟੀਮਾਂ ਵੱਲੋਂ ਪਿੰਡਾਂ ਦੀਆਂ ਸੱਥਾਂ, ਸਿੱਖਿਆ ਸੰਸਥਾਵਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਤੰਬਾਕੂਨੋਸ਼ੀ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਮੁੱਖ ਉਦੇਸ਼ ਨੌਜਵਾਨਾਂ ਨੂੰ ਸਿਹਤਮੰਦ ਭਵਿੱਖ ਵੱਲ ਮੋੜਨ, ਸਕੂਲਾਂ ਨੂੰ ਤੰਬਾਕੂ-ਰਹਿਤ ਘੋਸ਼ਿਤ ਕਰਨ ਅਤੇ ਸਮਾਜ ਵਿੱਚ ਤੰਦਰੁਸਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ।
ਬਲਾਕ ਐਜੂਕੇਟਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਸੁਪਰਵਾਈਜ਼ਰ ਪਰਮਜੀਤ ਸਿੰਘ, ਜਗਤਾਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਟੀਮਾਂ ਨੇ ਹੁਣ ਤੱਕ ਕੋਟਪਾ ਐਕਟ ਅਧੀਨ 97 ਚਲਾਨ ਕੱਟੇ ਹਨ। ਇਸ ਦੇ ਨਾਲ ਹੀ 55 ਸਕੂਲਾਂ ਵਿੱਚ ਬੱਚਿਆਂ ਨੂੰ ਤੰਬਾਕੂ ਨਾ ਵਰਤਣ ਦੀ ਸਹੁੰ ਚੁਕਾਈ ਗਈ। ਉਨ੍ਹਾਂ ਵਿਦਿਆਰਥੀਆਂ ਨੂੰ ਸਾਰੀ ਜ਼ਿੰਦਗੀ ਤੰਬਾਕੂ ਨਾ ਵਰਤਣ ਲਈ ਪ੍ਰੇਰਿਆ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਕੇ ਦੇਸ਼ ਨੂੰ ਤੰਬਾਕੂ ਮੁਕਤ ਕਰਨ ‘ਚ ਸਹਿਯੋਗ ਦੇਣ। ਉਨ੍ਹਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਤੰਬਾਕੂ ਦੀ ਵਰਤੋਂ ਨਾ ਸਿਰਫ਼ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਬਲਕਿ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਇਸ ਦੌਰਾਨ ਟੀਮ ਮੈਂਬਰ ਸੁਖਜੀਤ ਸਿੰਘ, ਹਰਦੀਪ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਹਰਜਿੰਦਰ ਸਿੰਘ ਅਤੇ ਬੂਟਾ ਖਾਨ ਹਾਜ਼ਰ ਸਨ।














