ਤਪਾ, 6 ਅਕਤੂਬਰ 2026 AJ DI Awaaj
Punjab Desk : ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਅਮਲ ਕਰਦਿਆਂ ਉਪ ਮੰਡਲ ਮੈਜਿਸਟਰੇਟ ਤਪਾ, ਸ੍ਰੀ ਆਯੂਸ਼ ਗੋਇਲ (ਆਈ.ਏ.ਐਸ.) ਦੀ ਪ੍ਰਧਾਨਗੀ ਹੇਠ ਅੱਜ ਇੱਥੇ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਵਿੱਚ ਐਨਰਜੀ ਡਰਿੰਕਸ ਰਾਹੀਂ ਵੱਧ ਰਹੇ ਨਸ਼ੇ ਦੇ ਪ੍ਰਭਾਵ ਨੂੰ ਰੋਕਣਾ ਅਤੇ ਸਕੂਲਾਂ ਦੇ ਆਲੇ-ਦੁਆਲੇ ਇਸਦੀ ਵਿਕਰੀ ਨੂੰ ਠੱਲ੍ਹ ਪਾਉਣਾ ਸੀ।
ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਕੈਮਿਸਟ ਐਸੋਸੀਏਸ਼ਨ ਅਤੇ ਵਪਾਰ ਮੰਡਲ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ. ਸ੍ਰੀ ਆਯੂਸ਼ ਗੋਇਲ ਨੇ ਸਪੱਸ਼ਟ ਆਦੇਸ਼ ਦਿੱਤੇ ਕਿ ਪੇਂਡੂ ਖੇਤਰਾਂ ਵਿੱਚ ਸਕੂਲਾਂ ਦੇ 100 ਮੀਟਰ ਦੇ ਘੇਰੇ ਅੰਦਰ ਅਤੇ ਸ਼ਹਿਰੀ ਖੇਤਰਾਂ ਵਿੱਚ ਸਕੂਲਾਂ ਦੇ 50 ਮੀਟਰ ਦੇ ਘੇਰੇ ਅੰਦਰ ਐਨਰਜੀ ਡਰਿੰਕਸ ਦੀ ਖ਼ਰੀਦ ਅਤੇ ਵੇਚ ‘ਤੇ ਮੁਕੰਮਲ ਰੋਕ ਯਕੀਨੀ ਬਣਾਈ ਜਾਵੇ। ਮੀਟਿੰਗ ਦੌਰਾਨ ਹਾਜ਼ਰ ਅਧਿਕਾਰੀਆਂ ਅਤੇ ਨੁਮਾਇੰਦਿਆਂ ਤੋਂ ਨੌਜਵਾਨਾਂ ਨੂੰ ਇਸ ਖ਼ਤਰਨਾਕ ਰੁਝਾਨ ਤੋਂ ਬਚਾਉਣ ਲਈ ਅਹਿਮ ਸੁਝਾਅ ਵੀ ਮੰਗੇ ਗਏ।
ਵਿਚਾਰ-ਵਟਾਂਦਰੇ ਤੋਂ ਬਾਅਦ, ਸਬੰਧਿਤ ਵਿਭਾਗਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦਿਆਂ ਬੱਚਿਆਂ ਅਤੇ ਨੌਜਵਾਨਾਂ ਵਿੱਚ ਐਨਰਜੀ ਡਰਿੰਕਸ ਦੀ ਵਰਤੋਂ ‘ਤੇ ਸਖ਼ਤੀ ਨਾਲ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ।
ਇਸ ਦੇ ਨਾਲ ਹੀ ਬੱਚਿਆਂ ਨੂੰ ਐਨਰਜੀ ਡਰਿੰਕਸ ਦੇ ਸਰੀਰਕ ਅਤੇ ਮਾਨਸਿਕ ਨੁਕਸਾਨਾਂ ਬਾਰੇ ਜਾਣੂ ਕਰਵਾਉਣ ਲਈ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ। ਅਧਿਕਾਰੀਆਂ ਨੂੰ ਕਿਹਾ ਗਿਆ ਕਿ ਸਕੂਲਾਂ ਵਿੱਚ ਰੋਜ਼ਾਨਾ ਹੋਣ ਵਾਲੀ ਸਵੇਰ ਦੀ ਸਭਾ ਦੌਰਾਨ ਅਤੇ ਨੁੱਕੜ ਨਾਟਕਾਂ ਰਾਹੀਂ ਵਿਦਿਆਰਥੀਆਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਦੇ ਸਿਹਤਮੰਦ ਭਵਿੱਖ ਨੂੰ ਯਕੀਨੀ ਬਣਾਇਆ ਜਾ ਸਕੇ।



















