ਤ੍ਰਿਵੈਣੀ ਮੰਦਿਰ ਭਲਾਣ ਵਿਖੇ ਸ੍ਰੀ ਭਾਗਵਤ ਕਥਾ ਹੋਈ ਅਰੰਭ

23

ਸੁਖਸਾਲ/ਨੰਗਲ, 15 ਜਨਵਰੀ 2026 AJ DI Awaaj

Punjab  Desk  : ਮਹਾਨ ਪੁਰਾਤਨ ਧਾਰਮਿਕ ਗ੍ਰੰਥਾਂ ਦੀ ਵਿਆਖਿਆ ਕਰਕੇ ਉਨ੍ਹਾਂ ਵਿੱਚ ਦਰਸਾਏ ਮਾਨਵਤਾ ਦੇ ਕਲਿਆਣ ਦੇ ਮਾਰਗ ਅਤੇ ਸਿਖਿਆਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਮਹਾਂਪੁਰਸ਼ ਅਤੇ ਕਥਾ ਵਾਚਕ ਵੀ ਵਿਸ਼ੇਸ਼ ਤੌਰ ‘ਤੇ ਸਤਿਕਾਰ ਯੋਗ ਹਨ। ਇਨ੍ਹਾਂ ਗ੍ਰੰਥਾਂ ਵਿੱਚ ਜੋ ਸਹੀ ਮਾਰਗ ਦਰਸ਼ਨ ਕੀਤਾ ਗਿਆ ਹੈ, ਉਸ ‘ਤੇ ਚੱਲ ਕੇ ਹੀ ਸੰਸਾਰ ਵਿੱਚ ਸਹੀ ਦਿਸ਼ਾ ਦਿਖਾਈ ਦੇ ਰਹੀ ਹੈ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਨੇ ਬੀਤੇ ਕੱਲ ਤ੍ਰਿਵੈਣੀ ਮੰਦਿਰ ਭਲਾਣ ਵਿਖੇ ਭਾਗਵਤ ਕਥਾ ਸੁਣਨ ਉਪਰੰਤ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ।ਉਨ੍ਹਾਂ ਨੇ ਕਿਹਾ ਕਿ ਅੱਜ ਅਜਿਹੇ ਪ੍ਰਭਾਵਸ਼ਾਲੀ ਧਾਰਮਿਕ ਸਮਾਗਮ ਜਿਥੇ ਸਮਾਜ ਦੇ ਹਰ ਵਰਗ ਨੂੰ ਨਵੀਂ ਸੇਧ ਦੇ ਰਹੇ ਹਨ, ਉਥੇ ਨੌਜਵਾਨ ਪੀੜ੍ਹੀ ਇਨ੍ਹਾਂ ਸਮਾਗਮਾਂ ਤੋਂ ਨਵੀਂ ਪ੍ਰੇਰਨਾ ਲੈ ਰਹੀ ਹੈ। ਸਾਡੇ ਲਈ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ, ਕਿ ਅਜਿਹੇ ਸਮਾਗਮਾਂ ਜਿਨ੍ਹਾਂ ਵਿੱਚ ਮਾਨਵਤਾ ਦੇ ਕਲਿਆਣ ਅਤੇ ਸਚਾਈ ਦੇ ਰਾਹ ‘ਤੇ ਚੱਲਣ ਦੀ ਦਿਸ਼ਾ ਦਿਖਾਈ ਜਾ ਰਹੀ ਹੋਵੇ, ਉਨ੍ਹਾਂ ਵਿੱਚ ਸਾਡੀ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿੱਚ ਸ਼ਿਰਕਤ ਕਰ ਰਹੀ ਹੈ। ਨੌਜਵਾਨਾਂ ਦਾ ਅਜਿਹਾ ਰੁਝਾਨ ਵੇਖ ਕੇ ਸਾਡੇ ਭਵਿੱਖ ਦੇ ਸੁਪਨੇ ਬਹੁਤ ਹੀ ਰੌਸ਼ਨਾਈ ਹੋ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਉਹ ਧਾਰਮਿਕ ਭੂਮੀ ਹੈ ਜਿੱਥੇ ਧਰਮ ਦੇ ਪ੍ਰਸਾਰ ਲਈ ਵਿਸ਼ੇਸ਼ ਉਪਰਾਲੇ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਥਾਨ ਲੋਕਾਂ ਲਈ ਚਾਨਣ ਮੁਨਾਰਾ ਹਨ,ਜਿਥੋਂ ਮਿਲਣ ਵਾਲੀਆਂ ਸਿਖਿਆਵਾਂ ਅਤੇ ਮਾਨਵਤਾ ਦੀ ਭਲਾਈ ਦੇ ਸ਼ੰਦੇਸ ਨੇ ਲੋਕਾਂ ਨੂੰ ਸੰਸਾਰਿਕ ਜੀਵਨ ਵਿੱਚ ਵਿਚਰਨ ਦੀ ਸ਼ਕਤੀ ਦਿੱਤੀ ਹੈ। ਲੋਕਾਂ ਨੂੰ ਅਜਿਹੇ ਧਾਰਮਿਕ ਸਮਾਰੋਹਾਂ ਵਿੱਚ ਸ਼ਾਮਿਲ ਹੋਣ ਨਾਲ ਰੌਸ਼ਨੀ ਦੀ ਨਵੀਂ ਕਿਰਨ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਰੋਹ ਕਰਵਾਉਣ ਵਾਲੇ ਆਯੋਜਕ ਅਤੇ ਸੰਤ ਮਹਾਂਪੁਰਸ਼ ਵਧਾਈ ਦੇ ਪਾਤਰ ਹਨ, ਅਸੀਂ ਉਨ੍ਹਾਂ ਦਾ ਸਮਾਜ ਕਲਿਆਣ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਕੋਟੀ ਕੋਟੀ ਧੰਨਵਾਦ ਕਰਦੇ ਹਾਂ। ਤ੍ਰਿਵੈਣੀ ਮੰਦਿਰ ਦੇ ਸੰਚਾਲਕ ਬਾਬਾ ਸਮਾਰਦਾਸ ਜੀ ਨੇ ਸੰਗਤਾਂ ਨੂੰ ਕ੍ਰਿਸ਼ਨ ਕਥਾ ਦੀ ਵਿਆਖਿਆ ਕਰਕੇ ਨਿਹਾਲ ਕੀਤਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੰਗਤਾਂ ਵੱਲੋਂ ਡੰਗੇ ਲਗਾਉਣ ਦੀ ਮੰਗ ਰੱਖੀ ਗਈ ਸੀ ਜਿਸ ਦਾ ਕੰਮ ਚੱਲ ਰਿਹਾ ਹੈ।
ਇਸ ਮੌਕੇ ਸਰਪੰਚ ਜਸਵੀਰ ਕੌਰ, ਨਿਤਿਨ ਪੁਰੀ, ਸੰਜੀਵ ਰਾਣਾ, ਸੰਗਰਾਮ ਰਾਣਾ, ਹੈਰੀ ਮਜਾਰਾ, ਨਰਿੰਦਰ ਸੈਣੀ, ਰਮੇਸ਼ ਕੁਮਾਰੀ, ਸਰੋਜ਼ ਕੁਮਾਰੀ, ਅਮਰੀਕ ਸਿੰਘ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਹੋਈਆਂ।