Punjab 25 July 2025 Aj Di Awaaj
Punjab Desk : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ*ਤਲ ਨੂੰ 3 ਸਾਲ ਹੋ ਚੁੱਕੇ ਹਨ, ਪਰ ਇਹ ਮਾਮਲਾ ਅਜੇ ਵੀ ਚਰਚਾ ‘ਚ ਬਣਿਆ ਹੋਇਆ ਹੈ। ਇਨ੍ਹਾਂ ਸਾਲਾਂ ਦੌਰਾਨ ਕਈ ਪੰਜਾਬੀ ਸਿਤਾਰਿਆਂ ਦੇ ਨਾਂ ਇਸ ਮਾਮਲੇ ਨਾਲ ਜੋੜੇ ਜਾਂਦੇ ਰਹੇ, ਜਿਨ੍ਹਾਂ ਵਿੱਚ ਮਨਕਿਰਤ ਔਲਖ ਅਤੇ ਬੱਬੂ ਮਾਨ ਵਰਗੇ ਲੋਕਾਂ ਤੋਂ ਪੁਲਿਸ ਵੱਲੋਂ ਪੁੱਛਗਿੱਛ ਵੀ ਹੋ ਚੁੱਕੀ ਹੈ। ਹੁਣ, ਤਿੰਨ ਸਾਲਾਂ ਬਾਅਦ, ਬੱਬੂ ਮਾਨ ਨੇ ਅਖੀਰਕਾਰ ਇਸ ਮਾਮਲੇ ‘ਤੇ ਆਪਣੀ ਚੁੱਪੀ ਤੋੜੀ ਹੈ।
ਕੈਨੇਡਾ ਟੂਰ ਦੌਰਾਨ ਵੈਨਕੂਵਰ ‘ਚ ਹੋਏ ਲਾਈਵ ਸ਼ੋਅ ਦੌਰਾਨ, ਬੱਬੂ ਮਾਨ ਨੇ ਬਿਨਾਂ ਸਿੱਧੂ ਮੂਸੇਵਾਲਾ ਦਾ ਨਾਂ ਲਏ ਕਿਹਾ, “ਲੜਾਈ ਕਿਸੇ ਹੋਰ ਦੀ ਸੀ, ਪਰ ਐਜੰਸੀਆਂ ਕੋਲ ਮੈਂ ਘੁੰਮਦਾ ਰਿਹਾ। ਆਪਣੀ ਸ਼ਰਾਫ਼ਤ ਦਾ ਸਰਟੀਫਿਕੇਟ ਲੈਣ ਲਈ ਮੈਂ 6 ਮਹੀਨੇ ਥਾਣਿਆਂ ਵਿੱਚ ਫਿਰਦਾ ਰਿਹਾ।”
ਉਸ ਨੇ ਮੀਡੀਆ ਟ੍ਰਾਇਲ ਉੱਤੇ ਵੀ ਗੰਭੀਰ ਸਵਾਲ ਚੁੱਕਦੇ ਹੋਏ ਕਿਹਾ ਕਿ ਜਦ ਤੱਕ ਸੱਚ ਸਾਹਮਣੇ ਨਹੀਂ ਆ ਜਾਂਦਾ, ਲੋਕਾਂ ਨੂੰ ਬਦਨਾਮ ਕਰ ਦਿੱਤਾ ਜਾਂਦਾ ਹੈ।
ਪੁਲਿਸ ਦੀ ਜਾਂਚ ਅਤੇ ਬੱਬੂ ਮਾਨ ਦੀ ਭੂਮਿਕਾ
ਸਿੱਧੂ ਮੂਸੇਵਾਲਾ ਦੇ ਕਤ*ਲ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਐਸਆਈਟੀ ਨੇ ਵਿਆਪਕ ਜਾਂਚ ਕੀਤੀ। ਇਸ ਦੌਰਾਨ ਕਈ ਗਾਇਕਾਂ ਅਤੇ ਹੋਰ ਹਸਤੀਆਂ ਦੇ ਬਿਆਨ ਦਰਜ ਕੀਤੇ ਗਏ। ਬੱਬੂ ਮਾਨ ਤੋਂ ਵੀ ਸਵਾਲ ਕੀਤੇ ਗਏ ਕਿ ਕੀ ਉਨ੍ਹਾਂ ਦਾ ਮੂਸੇਵਾਲਾ ਨਾਲ ਕੋਈ ਵਿ*ਵਾਦ ਸੀ।
ਜਾਂਚ ਦੀ ਪ੍ਰਕਿਰਿਆ ਸਿਰਫ਼ ਸੰਭਾਵਿਤ ਸੰਬੰਧਾਂ ਨੂੰ ਸਪੱਸ਼ਟ ਕਰਨ ਲਈ ਸੀ। ਬਾਅਦ ਵਿੱਚ ਐਸਆਈਟੀ ਨੇ ਇਹ ਸਾਫ ਕਰ ਦਿੱਤਾ ਸੀ ਕਿ ਬੱਬੂ ਮਾਨ ਦਾ ਮੂਸੇਵਾਲਾ ਦੇ ਕ*ਤਲ ਨਾਲ ਕੋਈ ਸਿੱਧਾ ਜਾਂ ਅਸਿੱਧਾ ਲਿੰਕ ਨਹੀਂ ਹੈ। ਉਨ੍ਹਾਂ ਨੂੰ ਪੂਰੀ ਤਰ੍ਹਾਂ ਸੱਕ ਤੋਂ ਬਰੀ ਕਰ ਦਿੱਤਾ ਗਿਆ ਸੀ।
ਬੱਬੂ ਮਾਨ ਦੇ ਇਸ ਬਿਆਨ ਨੇ ਇੱਕ ਵਾਰੀ ਫਿਰ ਇਹ ਮਾਮਲਾ ਸੁਰਖ਼ੀਆਂ ਵਿੱਚ ਲਿਆ ਦਿੱਤਾ ਹੈ, ਜਿੱਥੇ ਉਹ ਆਪਣੀ ਨਿਰਦੋਸ਼ਤਾ ਦੀ ਗੱਲ ਕਰਦੇ ਹੋਏ ਮੀਡੀਆ ਅਤੇ ਜਾਂਚ ਪ੍ਰਣਾਲੀ ‘ਤੇ ਸਵਾਲ ਉਠਾ ਰਹੇ ਹਨ।
