ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ‘ਤੇ ਅੱਜ ਲਗਾਏ ਜਾਣਗੇ ਵਿਸ਼ੇਸ਼ ਕੈਂਪ

1
ਬਰਨਾਲਾ, 5 ਸਤੰਬਰ 2026 AJ DI Awaaj
Punjab Desk :   ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਸ਼ੇਸ਼ ਗਹਿਰੀ ਸੁਧਾਈ ਪ੍ਰਕਿਰਿਆ ਤਹਿਤ ਭਲਕੇ 6 ਸਤੰਬਰ 2026 ਨੂੰ ਜ਼ਿਲ੍ਹਾ ਬਰਨਾਲਾ ਦੇ ਸਾਰੇ ਪੋਲਿੰਗ ਬੂਥਾਂ ‘ਤੇ  ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹਨਾਂ ਕੈਂਪਾਂ ਦੌਰਾਨ ਸਬੰਧਤ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਮੌਜੂਦ ਰਹਿ ਕੇ ਯੋਗ ਨਾਗਰਿਕਾਂ ਤੋਂ ਵੋਟਰ ਸੂਚੀਆਂ ਵਿੱਚ ਨਾਮ ਦਰਜ ਕਰਵਾਉਣ, ਸੋਧ ਕਰਵਾਉਣ, ਨਾਮ ਕਟਵਾਉਣ ਜਾਂ ਹੋਰ ਤਰੁੱਟੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਜੇਕਰ ਕਿਸੇ ਯੋਗ ਵਿਅਕਤੀ ਦਾ ਨਾਮ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ ਜਾਂ ਨਾਮ, ਪਤਾ, ਉਮਰ ਆਦਿ ਸਬੰਧੀ ਕਿਸੇ ਕਿਸਮ ਦੀ ਤਰੁੱਟੀ ਹੈ, ਤਾਂ ਉਹ ਨਿਰਧਾਰਤ ਪ੍ਰਕਿਰਿਆ ਅਨੁਸਾਰ ਆਪਣਾ ਦਾਅਵਾ ਜਾਂ ਇਤਰਾਜ਼ ਬੀ.ਐਲ.ਓ. ਕੋਲ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗਤਾ ਮਿਤੀ 01.10.2026 ਦੇ ਆਧਾਰ ‘ਤੇ ਜਿਸ ਨਾਗਰਿਕ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਲਈ ਫਾਰਮ ਨੰਬਰ 6 ਅਤੇ ਵੋਟਰ ਕਾਰਡ ਵਿੱਚ ਦਰਜ ਵੇਰਵਿਆਂ ਵਿੱਚ ਦਰੁਸਤੀ ਕਰਵਾਉਣ ਲਈ ਫਾਰਮ ਨੰਬਰ 8, ਐਨ.ਆਰ.ਆਈ ਵੋਟਰ ਵਜੋਂ ਦਰਜ ਹੋਣ ਲਈ ਫਾਰਮ ਨੰਬਰ 6-ਏ ਭਰ ਕੇ ਪੋਲਿੰਗ ਬੂਥਾਂ ‘ਤੇ ਮੌਜੂਦ ਬੀ.ਐਲ.ਓਜ਼ ਨੂੰ ਦੇਣਾ ਯਕੀਨੀ ਬਣਾਉਣ।
ਉਨ੍ਹਾਂ ਇਹ ਵੀ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਯੋਗ ਨਾਗਰਿਕ ਦਾ ਵੋਟਰ ਵਜੋਂ ਰਜਿਸਟਰ ਹੋਣਾ ਅਤੇ ਵੋਟਰ ਸੂਚੀ ਵਿੱਚ ਦਰਜ ਜਾਣਕਾਰੀ ਦਾ ਸਹੀ ਹੋਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਬੀ.ਐਲ.ਓਜ਼ ਨੂੰ ਵੀ ਹਦਾਇਤ ਕੀਤੀ ਕਿ ਉਹ ਨਿਰਧਾਰਤ ਸਥਾਨ ‘ਤੇ ਹਾਜ਼ਰ ਰਹਿ ਕੇ ਵੋਟਰਾਂ ਤੋਂ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਨੂੰ ਨਿਯਮਾਂ ਅਨੁਸਾਰ ਦਰਜ ਕਰਨ ਅਤੇ ਲੋੜੀਂਦੀ ਜਾਣਕਾਰੀ ਤੇ ਸਹਾਇਤਾ ਮੁਹੱਈਆ ਕਰਵਾਉਣ।