ਫਾਜ਼ਿਲਕਾ 30 ਸਤੰਬਰ 2026 AJ DI Awaaj
Punjab Desk – ਸਰਕਾਰੀ ਹਾਈ ਸਕੂਲ ਬੰਡੀਵਾਲਾ ਵਿਖੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਐਸਟਰੋਨੋਮੀ ਕਲੱਬ ਵੱਲੋਂ ਸਕਾਈ ਵਾਚ ਇਵੈਂਟ ਦਾ ਸਫਲ ਆਯੋਜਨ ਕੀਤਾ ਗਿਆ ਜੋ ਮੁੱਖ ਤੌਰ ‘ਤੇ ਚੰਨ ਅਤੇ ਇਸਰੋ ਦੀਆਂ ਪ੍ਰਾਪਤੀਆਂ ਨੂੰ ਸਮਰਪਿਤ ਸੀ।
ਇਸ ਮੌਕੇ ਸਕੂਲ ਦੀ ਹੈੱਡ ਮਿਸਟ੍ਰੈਸ ਸ੍ਰੀਮਤੀ ਪੂਨਮ ਨੇ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ (ਇਵੈਂਟ) ਵਿਦਿਆਰਥੀਆਂ ਵਿੱਚ ਵਿਗਿਆਨਕ ਸੋਚ ਪੈਦਾ ਕਰਦੇ ਹਨ। ਐਸਟਰੋਨੋਮੀ ਕਲੱਬ ਇੰਚਾਰਜ ਵੱਲੋਂ ਵਿਦਿਆਰਥੀਆਂ ਨੂੰ ਦੂਰਬੀਨ ਰਾਹੀਂ ਚੰਨ ਦੇ ਟੋਏ ਦਿਖਾਏ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਚੰਨ ਧਰਤੀ ਦਾ ਇੱਕੋ-ਇੱਕ ਕੁਦਰਤੀ ਉਪਗ੍ਰਹਿ ਹੈ। ਜਿਸ ‘ਤੇ ਦਿਨ ਵੇਲੇ ਗਰਮੀ 127 ਡਿਗਰੀ ਅਤੇ ਰਾਤ ਨੂੰ -173 ਡਿਗਰੀ ਤੱਕ ਚਲੀ ਜਾਂਦੀ ਹੈ। ਚੰਨ ‘ਤੇ ਪਾਣੀ ਦੀ ਖੋਜ ਭਾਰਤ ਨੇ ਹੀ ਕੀਤੀ ਸੀ।
ਉਨ੍ਹਾਂ ਇਸਰੋ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਚੰਦਰਯਾਨ-1 ਰਾਹੀਂ ਭਾਰਤ ਨੇ ਕਿਸ ਤਰ੍ਹਾਂ ਚੰਨ ‘ਤੇ ਪਾਣੀ ਲੱਭਿਆ ਅਤੇ ਕਿਵੇਂ ਚੰਦਰਯਾਨ-3 ਨੇ 23 ਅਗਸਤ 2023 ਨੂੰ ਚੰਨ ਦੇ ਦੱਖਣੀ ਧਰੁਵ ‘ਤੇ ਸਫਲ ਲੈਂਡਿੰਗ ਕਰਕੇ ਇਤਿਹਾਸ ਰਚਿਆ ਸੋ ਇਸ ਤਰ੍ਹਾਂ ਭਾਰਤ ਦੁਨੀਆ ਦਾ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣਿਆ।
ਇਸ ਦੌਰਾਨ ਵਿਦਿਆਰਥੀਆਂ ਵੱਲੋਂ ਚੰਦਰਯਾਨ-3 ਦੇ ਮਾਡਲ ਵੀ ਪੇਸ਼ ਕੀਤੇ ਗਏ। ਇਸ ਤੋਂ ਇਲਵਾ ਚੰਨ ‘ਤੇ ਰੰਗੋਲੀ ਅਤੇ ਪੇਂਟਿੰਗ ਬਣਾਈ ਗਈ ਤੇ- ਇਸਰੋ ਅਤੇ ਚੰਨ ਨਾਲ ਸਬੰਧਤ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ । ਇਸ ਦੌਰਾਨ ਸਮੂਹ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਲਗਭਗ 160 ਵਿਦਿਆਰਥੀਆਂ, ਮਾਪਿਆਂ ਅਤੇ ਪਿੰਡ ਵਾਸੀਆਂ ਨੇ ਭਾਗ ਲਿਆ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਹੈੱਡ ਮਿਸਟ੍ਰੈਸ ਸ੍ਰੀਮਤੀ ਪੂਨਮ, ਮੁੱਖ ਮਹਿਮਾਨ ਵਜੋਂ ਸਾਬਕਾ ਸਰਪੰਚ ਸ੍ਰੀ ਗੁਰਜੀਤ ਸਿੰਘ, ਮੌਜੂਦਾ ਸਰਪੰਚ ਸ੍ਰੀ ਰਵਿੰਦਰ ਸਿੰਘ, ਸਰਕਾਰੀ ਹਾਈ ਸਕੂਲ ਓਡੀਆਂ ਤੋਂ ਹੈੱਡਮਾਸਟਰ ਸ੍ਰੀ ਸੰਜੇ ਢਾਕਾ ਅਤੇ ਐਸ.ਐਸ. ਮਾਸਟਰ ਸ੍ਰੀ ਵਿਜੇਪਾਲ ਜੀ, ਐਸ.ਐਮ.ਸੀ. ਦੇ ਚੇਅਰਮੈਨ ਸ੍ਰੀ ਛਿੰਦਾ ਸਿੰਘ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੀ ਸਮੁੱਚੀ ਟੀਮ ਤੇ ਸਮੂਹ ਸਕੂਲ ਸਟਾਫ ਦਾ ਮਹੱਤਵਪੂਰਨ ਸਹਿਯੋਗ ਰਿਹਾ।



















