ਵਿਆਹ ਸਮਾਗਮ ‘ਚ ਚੌਰ ਸਾਹਿਬ–ਛਤਰ ਮਾਮਲੇ ‘ਤੇ ਸਿਮਰਨਜੀਤ ਸਿੰਘ ਮਾਨ ਵੱਲੋਂ ਮੁਆਫੀ

28

ਪੰਜਾਬ 04 Feb 2026 AJ DI Awaaj

Punjab Desk :  ਪੰਜਾਬ ਦੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵਿਆਹ ਸਮਾਗਮ ਦੌਰਾਨ ਚੌਰ ਸਾਹਿਬ ਅਤੇ ਛਤਰ ਝੁਲਾਉਣ ਦੇ ਮਾਮਲੇ ‘ਤੇ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਚੌਰ ਸਾਹਿਬ ਝੁਲਾਇਆ ਗਿਆ, ਉਹ ਖੁਦ ਉੱਥੇ ਮੌਜੂਦ ਨਹੀਂ ਸਨ। ਉਨ੍ਹਾਂ ਦੱਸਿਆ ਕਿ ਵਿਆਹ ਸਮੇਂ ਬੱਚਿਆਂ ਅਤੇ ਪਰਿਵਾਰ ਵੱਲੋਂ ਅਣਜਾਣੇ ਵਿੱਚ ਬੱਜਰ ਗੁਸਤਾਖੀ ਹੋ ਗਈ ਹੈ, ਜਿਸ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਮੁੱਚੇ ਖਾਲਸਾ ਪੰਥ ਤੋਂ ਖ਼ਿਮਾ ਯਾਚਨਾ ਕਰਦੇ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ ਦੀ ਪੂਰੀ ਜਾਣਕਾਰੀ ਹੈ ਅਤੇ ਛਤਰ ਤੇ ਚੌਰ ਸਾਹਿਬ ਦੀ ਮਹਾਨਤਾ ਬਾਰੇ ਵੀ ਪੂਰੀ ਸਮਝ ਹੈ।

ਇਸ ਮਾਮਲੇ ‘ਤੇ ਗੋਵਿੰਦ ਸਿੰਘ ਸੰਧੂ ਵੱਲੋਂ ਵੀ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਵਿਆਹ ਸਮਾਗਮ ਦੌਰਾਨ ਛਤਰ ਝੁਲਾਉਣ ਅਤੇ ਚੌਰ ਸਾਹਿਬ ਕਰਵਾਏ ਜਾਣ ਸਬੰਧੀ ਸੋਸ਼ਲ ਮੀਡੀਆ ‘ਤੇ ਉਠੇ ਇਤਰਾਜ਼ ਉਨ੍ਹਾਂ ਦੇ ਧਿਆਨ ਵਿੱਚ ਆਏ ਹਨ। ਕਿਉਂਕਿ ਇਹ ਇਤਰਾਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਸਿੱਖ ਭਾਵਨਾਵਾਂ ਨਾਲ ਜੁੜੇ ਹਨ, ਇਸ ਲਈ ਉਨ੍ਹਾਂ ਨੇ ਇਕ ਨਿਮਾਣੇ ਸਿੱਖ ਵਜੋਂ ਆਪਣਾ ਪੱਖ ਸਪੱਸ਼ਟ ਕਰਨਾ ਆਪਣਾ ਫਰਜ਼ ਸਮਝਿਆ।

ਉਨ੍ਹਾਂ ਕਿਹਾ ਕਿ ਛਤਰ ਝੁਲਾਉਣਾ ਅਤੇ ਚੌਰ ਸਾਹਿਬ ਕਰਵਾਉਣਾ ਪੁਰਾਤਨ ਰਿਆਸਤੀ ਵਿਆਹ ਸਮਾਗਮਾਂ ਦੀ ਇੱਕ ਪ੍ਰੰਪਰਾ ਰਹੀ ਹੈ, ਜੋ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਹੈ। ਸ਼ਾਹਜਾਦਪੁਰ ਰਿਆਸਤ ਦੇ ਘਰਾਣੇ ਨਾਲ ਸੰਬੰਧਿਤ ਹੋਣ ਕਾਰਨ ਜੰਝ ਚੜ੍ਹਨ ਦੀ ਰਸਮ ਵੀ ਉਸੇ ਪ੍ਰੰਪਰਾ ਅਨੁਸਾਰ ਸਤਿਕਾਰ ਵਜੋਂ ਨਿਭਾਉਣ ਦਾ ਯਤਨ ਕੀਤਾ ਗਿਆ ਸੀ।

ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਰਿਆਸਤਾਂ ਦੇ ਦੌਰ ਤੋਂ ਬਾਅਦ ਹੁਣ ਇਹ ਸਤਿਕਾਰ ਸਿਰਫ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਹੀ ਰਾਖਵਾਂ ਹੈ। ਸਿੱਖਾਂ ਦੇ ਚਵਰ ਅਤੇ ਛਤਰ ਦੇ ਅਸਲ ਮਾਲਿਕ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਨ੍ਹਾਂ ਦੀ ਬਖ਼ਸ਼ਿਸ਼ ਨਾਲ ਹੀ ਮਨੁੱਖ ਜੀਵਨ ਵਿੱਚ ਖੁਸ਼ੀਆਂ ਮਾਣਦਾ ਹੈ ਅਤੇ ਜਿਨ੍ਹਾਂ ਦੀ ਸ਼ਾਨ ਨਾਲ ਬਰਾਬਰੀ ਕਰਨ ਬਾਰੇ ਕੋਈ ਮਨੁੱਖ ਸੋਚ ਵੀ ਨਹੀਂ ਸਕਦਾ।