ਚੰਡੀਗੜ੍ਹ: 09 Oct 2025 AJ DI Awaaj
Chandigarh Desk : ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੈਰ-ਕਾਨੂੰਨੀ ਅਤੇ ਇਤਰਾਜ਼ਯੋਗ ਸੋਸ਼ਲ ਮੀਡੀਆ ਸਮੱਗਰੀ ਵਿਰੁੱਧ ਪੰਜਾਬ ਪੁਲਿਸ ਨੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ‘ਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਕਈ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ, ਜੋ ਕਿ ਸੌ ਤੋਂ ਵੱਧ ਸੋਸ਼ਲ ਮੀਡੀਆ ਹੈਂਡਲਾਂ ਵਿਰੁੱਧ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ‘ਤੇ ਦਰਜ ਹੋਈਆਂ ਹਨ।
ਪੰਜਾਬ ਪੁਲਿਸ ਦੇ ਬੁਲਾਰੇ ਮੁਤਾਬਕ, ਇਹ ਸਮੱਗਰੀ ਉੱਚ ਸੰਵਿਧਾਨਕ ਅਥਾਰਟੀ ‘ਤੇ ਹਮਲਾ ਕਰਨ, ਜਾਤੀ ਆਧਾਰਿਤ ਅਪਮਾਨ ਅਤੇ ਭੜਕਾਉਣ ਵਾਲੇ ਬਿਆਨਾਂ ਨਾਲ ਸੰਬੰਧਿਤ ਸੀ। ਇਸ ਵਿੱਚ ਜਾਤੀ ਅਤੇ ਧਾਰਮਿਕ ਭਾਵਨਾਵਾਂ ਨੂੰ ਉਕਸਾਉਣ, ਅਮਨ-ਸ਼ਾਂਤੀ ਭੰਗ ਕਰਨ, ਅਤੇ ਨਿਆਂਇਕ ਸੰਸਥਾਵਾਂ ਦੀ ਸਾਖ ਢਾਹਣ ਦੀ ਕੋਸ਼ਿਸ਼ ਕੀਤੀ ਗਈ ਸੀ।
ਬੁਲਾਰੇ ਨੇ ਦੱਸਿਆ ਕਿ ਪੋਸਟਾਂ ਅਤੇ ਵੀਡੀਓਜ਼ ਵਿੱਚ ਨਫ਼ਰਤ ਭਰੀ ਅਤੇ ਜਾਤੀਵਾਦੀ ਸਮੱਗਰੀ ਸੀ, ਜਿਸ ਦਾ ਉਦੇਸ਼ ਸਮਾਜ ਵਿੱਚ ਫਿਰਕੂ ਫੁੱਟ ਪਾਉਣਾ ਅਤੇ ਸੰਵਿਧਾਨਕ ਅਹੁਦਿਆਂ ਨੂੰ ਨਿਸ਼ਾਨਾ ਬਣਾਉਣਾ ਸੀ।
ਇਸ ਸਬੰਧ ‘ਚ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ‘ਤੇ ਪੁਲਿਸ ਨੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਅੱਤਿਆਚਾਰ ਰੋਕੂ) ਐਕਟ, 1989 ਦੀਆਂ ਧਾਰਾਵਾਂ 3(1)(ਆਰ), 3(1)(ਐਸ), ਅਤੇ 3(1)(ਯੂ) ਦੇ ਤਹਿਤ ਅਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 196, 352, 353(1), 353(2), ਅਤੇ 61 ਹੇਠ ਵੱਖ-ਵੱਖ ਥਾਣਿਆਂ ਵਿੱਚ ਐਫਆਈਆਰਜ਼ ਦਰਜ ਕੀਤੀਆਂ ਹਨ।
ਪੁਲਿਸ ਨੇ ਕਿਹਾ ਕਿ ਇਹ ਸਾਰੇ ਮਾਮਲੇ ਗੰਭੀਰ ਅਪਰਾਧਾਂ ਨਾਲ ਸੰਬੰਧਿਤ ਹਨ, ਅਤੇ ਕਾਨੂੰਨ ਅਨੁਸਾਰ ਅਗਲੀ ਜਾਂਚ ਜਾਰੀ ਹੈ।
