ਸ਼ਿਮਲਾ: 30 July 2026 AJ DI Awaaj
Himachal Desk : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੀ ਨਗਰੋਟਾ ਬਗਵਾਂ ਵਿਧਾਨ ਸਭਾ ਸੀਟ ਤੋਂ ਤਿੰਨ ਵਾਰ ਭਾਜਪਾ ਦੇ ਵਿਧਾਇਕ ਰਹੇ ਅਤੇ ਪਾਰਟੀ ਦੇ ਸੀਨੀਅਰ ਆਗੂ ਰਾਮ ਚੰਦ ਭਾਟੀਆ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ ਟਾਂਡਾ ਮੈਡੀਕਲ ਕਾਲਜ ਵਿੱਚ ਇਲਾਜ ਅਧੀਨ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਸਵੇਰੇ 11 ਵਜੇ ਉਨ੍ਹਾਂ ਦੇ ਜੱਦੀ ਪਿੰਡ ਅਮਤਰਾੜ ਵਿੱਚ ਕੀਤਾ ਜਾਵੇਗਾ।
82 ਸਾਲਾ ਰਾਮ ਚੰਦ ਭਾਟੀਆ ਨੇ 1982, 1985 ਅਤੇ 1990 ਵਿੱਚ ਲਗਾਤਾਰ ਤਿੰਨ ਵਾਰ ਨਗਰੋਟਾ ਬਗਵਾਂ ਤੋਂ ਭਾਜਪਾ ਦੇ ਟਿਕਟ ‘ਤੇ ਚੋਣ ਜਿੱਤੀ ਸੀ। ਇਸ ਤੋਂ ਬਾਅਦ 1993, 1998 ਅਤੇ 2003 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲਿਆ।
ਰਾਮ ਚੰਦ ਭਾਟੀਆ ਆਪਣੇ ਪਿੱਛੇ ਪਤਨੀ ਅਤੇ ਇੱਕ ਪੁੱਤਰ ਛੱਡ ਗਏ ਹਨ। ਉਨ੍ਹਾਂ ਦੇ ਇੱਕ ਪੁੱਤਰ ਦਾ ਕੁਝ ਸਮਾਂ ਪਹਿਲਾਂ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ।
ਸਾਬਕਾ ਵਿਧਾਇਕ ਅਰੁਣ ਕੁਮਾਰ ਮਹਿਰਾ (ਕੂਕਾ) ਨੇ ਉਨ੍ਹਾਂ ਦੇ ਦੇਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਰਾਮ ਚੰਦ ਭਾਟੀਆ ਨੇ ਆਪਣੇ ਜਨਤਕ ਜੀਵਨ ਦੌਰਾਨ ਖੇਤਰ ਦੇ ਵਿਕਾਸ, ਲੋਕ ਸੇਵਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਲਈ ਮਹੱਤਵਪੂਰਨ ਯੋਗਦਾਨ ਪਾਇਆ। ਉਨ੍ਹਾਂ ਦੀ ਸਾਦਗੀ, ਲੋਕਾਂ ਨਾਲ ਨੇੜਤਾ ਅਤੇ ਸਮਾਜ ਪ੍ਰਤੀ ਸਮਰਪਣ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਯਾਦ ਕੀਤਾ ਕਿ ਉਹ ਉਨ੍ਹਾਂ ਨੂੰ “ਅੰਕੜਿਆਂ ਦੇ ਜਾਦੂਗਰ” ਕਹਿੰਦੇ ਸਨ। ਉਨ੍ਹਾਂ ਕਿਹਾ ਕਿ ਰਾਮ ਚੰਦ ਭਾਟੀਆ ਆਪਣੇ ਭਾਸ਼ਣਾਂ ਵਿੱਚ ਸਹੀ ਅੰਕੜਿਆਂ ਅਤੇ ਤੱਥਾਂ ਦੇ ਆਧਾਰ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਗੱਲ ਰੱਖਦੇ ਸਨ ਅਤੇ ਵਿਧਾਇਕ ਵਜੋਂ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਬੇਹੱਦ ਇਮਾਨਦਾਰੀ ਨਾਲ ਨਿਭਾਈ।
ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਭਾਜਪਾ ਦੇ ਕਈ ਆਗੂਆਂ ਨੇ ਵੀ ਰਾਮ ਚੰਦ ਭਾਟੀਆ ਦੇ ਦੇਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ।



















