ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੀ ਅਗਵਾਈ ਹੇਠ ਸੰਭਾਲਿਆ ਅਹੁਦਾ
ਹਰਿਆਣਾ/ਹੁਸ਼ਿਆਰਪੁਰ, 19 ਸਤੰਬਰ 2026 Aj Di Awaaj
Haryana Desk: ਹਰਿਆਣਾ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਦੀ ਚੋਣ ਅੱਜ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਵਿੱਚ ਕਰਵਾਈ ਗਈ। ਇਸ ਦੌਰਾਨ ਸੰਜੇ ਕਪਿਲਾ ਨੂੰ ਮੁੜ ਨਗਰ ਕੌਂਸਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ, ਜਦਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਰਾਮਜੀਤ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ।
ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਸੰਜੇ ਕਪਿਲਾ ਅਤੇ ਰਾਮਜੀਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਨਵੀਂ ਟੀਮ ਕਸਬੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਡਾ. ਰਵਜੋਤ ਸਿੰਘ ਨੇ ਕਿਹਾ ਕਿ ਹਰਿਆਣਾ ਕਾਂਡੀ ਖੇਤਰ ਦਾ ਇੱਕ ਮਹੱਤਵਪੂਰਨ ਸ਼ਹਿਰ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਖੇਤਰ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਨੇ ਹਮੇਸ਼ਾ ਸਹਿਯੋਗ ਦਿੱਤਾ ਹੈ, ਜਿਸ ਲਈ ਉਹ ਹਰ ਸ਼ਹਿਰ ਵਾਸੀ ਦੇ ਧੰਨਵਾਦੀ ਹਨ।
ਜ਼ਿਕਰਯੋਗ ਹੈ ਕਿ ਸੰਜੇ ਕਪਿਲਾ ਨੇ ਹਰਿਆਣਾ ਨਗਰ ਕੌਂਸਲ ਦੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਜਿੱਤੀ ਸੀ। ਇਸੇ ਤਰ੍ਹਾਂ ਰਾਮਜੀਤ ਨੇ ਵਾਰਡ ਨੰਬਰ 11 ਤੋਂ ‘ਆਪ’ ਦੀ ਟਿਕਟ ’ਤੇ ਜਿੱਤ ਹਾਸਲ ਕਰਕੇ ਨਗਰ ਕੌਂਸਲ ਵਿੱਚ ਆਪਣੀ ਥਾਂ ਬਣਾਈ ਸੀ। ਹਰਿਆਣਾ ਨਗਰ ਕੌਂਸਲ ਵਿੱਚ ਕੁੱਲ 11 ਵਾਰਡ ਹਨ, ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ 7 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਸੀ।
ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਸੰਜੇ ਕਪਿਲਾ ਅਤੇ ਰਾਮਜੀਤ ਨੇ ਕਿਹਾ ਕਿ ਨਗਰ ਕੌਂਸਲ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ-ਨਾਲ ਸ਼ਹਿਰ ਦੇ ਵਿਕਾਸ ਨਾਲ ਜੁੜੇ ਮਾਮਲਿਆਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਹਰੇਕ ਨਿਵਾਸੀ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਲਈ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾਵੇਗਾ।
ਇਸ ਮੌਕੇ ਕੌਂਸਲਰ ਮੀਨਾਕਸ਼ੀ ਕਪਿਲਾ, ਪੂਜਾ ਕਪਿਲਾ, ਆਸ਼ਾ ਕੁਮਾਰੀ, ਪਵਨ ਕੁਮਾਰ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ।
ਕੈਪਸ਼ਨ: ਨਗਰ ਕੌਂਸਲ ਦੇ ਪ੍ਰਧਾਨ ਸੰਜੇ ਕਪਿਲਾ ਅਤੇ ਉਪ ਪ੍ਰਧਾਨ ਰਾਮਜੀਤ ਨਾਲ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ।



















