ਸਰਕਾਰੀ ਕਾਲਜ ਰੋਪੜ ਵਿਖੇ ਸਦਭਾਵਨਾ ਦਿਵਸ ਮਨਾਇਆ

1
ਰੂਪਨਗਰ, 21 ਅਗਸਤ 2026 AJ DI Awaaj
Punjab Desk    : ਸਰਕਾਰੀ ਕਾਲਜ ਰੋਪੜ ਵਿਖੇ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਪ੍ਰਿੰਸੀਪਲ ਜਸਪ੍ਰੀਤ ਕੌਰ ਬੈਂਸ ਦੀ ਸਰਪ੍ਰਸਤੀ ਅਤੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ ਦੀ ਅਗਵਾਈ ਹੇਠ ਐਨ.ਐਸ.ਐਸ. ਯੂਨਿਟ ਵੱਲੋਂ ਸਦਭਾਵਨਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਅਤੇ ਡਾ. ਮਨਦੀਪ ਕੌਰ ਨੇ ਵਲੰਟੀਅਰਾਂ ਨੂੰ ਦੇਸ਼ ਵਿੱਚ ਸਦਭਾਵਨਾ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਸਬੰਧੀ ਪ੍ਰਣ ਕਰਵਾਇਆ।
ਪ੍ਰੋਗਰਾਮ ਅਫਸਰ ਪ੍ਰੋ. ਚੰਦਰਗੁਪਤ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗਵਾਸੀ ਸ੍ਰੀ ਰਾਜੀਵ ਗਾਂਧੀ ਦੇ ਜੀਵਨ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ 20 ਅਗਸਤ ਨੂੰ ਸਦਭਾਵਨਾ ਦਿਵਸ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਆਪਸੀ ਭਾਈਚਾਰਕ ਸਾਂਝ, ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਪ੍ਰੋ. ਮਨਪ੍ਰੀਤ ਸਿੰਘ ਨੇ ਵਲੰਟੀਅਰਾਂ ਨੂੰ ਆਪਸੀ ਪਿਆਰ, ਸਤਿਕਾਰ ਅਤੇ ਭਾਈਚਾਰੇ ਦੀ ਭਾਵਨਾ ਨਾਲ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰੋ. ਜਗਜੀਤ ਸਿੰਘ ਨੇ ਭਾਰਤ ਦੀ ਵਿਭਿੰਨਤਾ, ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਬਾਰੇ ਜਾਣਕਾਰੀ ਦਿੰਦਿਆਂ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਵਲੰਟੀਅਰਾਂ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਅੰਤਰਰਾਜੀ ਐਨ.ਐਸ.ਐਸ. ਕੈਂਪਾਂ ਵਿੱਚ ਭਾਗ ਲੈਣ ਵਾਲੇ ਵਲੰਟੀਅਰ ਸਿਮਰਨਜੋਤ ਕੌਰ, ਅਮਨਪ੍ਰੀਤ ਕੌਰ, ਪੁਸ਼ਪਾ ਦੇਵੀ, ਅਮਨਪ੍ਰੀਤ ਸਿੰਘ, ਜਸ਼ਨਦੀਪ ਸਿੰਘ ਅਤੇ ਮਯੰਕ ਨੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਅੰਤਰਰਾਜੀ ਕੈਂਪਾਂ ਦੌਰਾਨ ਉਨ੍ਹਾਂ ਨੂੰ ਵੱਖ-ਵੱਖ ਰਾਜਾਂ ਦੇ ਸੱਭਿਆਚਾਰਾਂ ਅਤੇ ਰਹਿਣ-ਸਹਿਣ ਨੂੰ ਜਾਣਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਭਿੰਨਤਾ ਹੀ ਇਸ ਦੀ ਏਕਤਾ ਅਤੇ ਤਾਕਤ ਦਾ ਆਧਾਰ ਹੈ।
ਇਸ ਮੌਕੇ ਪ੍ਰੋਗਰਾਮ ਅਫਸਰ ਪ੍ਰੋ. ਕੁਲਦੀਪ ਕੌਰ, ਪ੍ਰੋ. ਰਵਨੀਤ ਕੌਰ ਅਤੇ ਸਹਾਇਕ ਪ੍ਰੋਗਰਾਮ ਅਫਸਰ ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਤਰਨਜੋਤ ਕੌਰ ਅਤੇ ਪ੍ਰੋ. ਲਵਲੀਨ ਵਰਮਾ ਵੀ ਹਾਜ਼ਰ ਸਨ।