ਬਰਨਾਲਾ, 22 ਜੁਲਾਈ 2026 AJ DI Awaaj
Punjab Desk : ਰਿਜਨਲ ਟਰਾਂਸਪੋਰਟ ਅਫ਼ਸਰ ਸ੍ਰੀ ਚਰਨਜੋਤ ਸਿੰਘ ਵਾਲੀਆ ਦੀ ਅਗਵਾਈ ਹੇਠ ਸ੍ਰੀ ਜਸ਼ਨਜੋਤ ਸਿੰਘ ਸਿੱਧੂ (ਸਹਾਇਕ ਟਰਾਂਸਪੋਰਟ ਅਫ਼ਸਰ) ਵਲੋਂ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸੜਕ ਹਾਦਸਿਆਂ ਵਿੱਚ ਕਮੀ ਲਿਆਉਣ ਦੇ ਉਦੇਸ਼ ਨਾਲ ਮੋਟਰ ਵਾਹਨ ਐਕਟ, 1988 ਅਤੇ ਇਸ ਅਧੀਨ ਬਣਾਏ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਅੱਜ ਸਵੇਰੇ ਜ਼ਿਲ੍ਹੇ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਮਰਸ਼ੀਅਲ ਵਾਹਨਾਂ ਵਿਰੁੱਧ ਕਾਰਵਾਈ ਕਰਦੇ ਹੋਏ 12 ਕਮਰਸ਼ੀਅਲ ਵਾਹਨਾਂ ਦੇ ਚਲਾਨ ਕੀਤੇ ਗਏ।
ਸਹਾਇਕ ਟਰਾਂਸਪੋਰਟ ਅਫ਼ਸਰ ਜਸ਼ਨਜੋਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਬਿਨਾਂ ਡਰਾਈਵਿੰਗ ਲਾਇਸੈਂਸ, ਆਰ.ਸੀ, ਪਰਮਿਟ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ, ਰੋਡ ਟੈਕਸ ਵਾਲੇ ਵਹੀਕਲਾਂ ਦਾ ਚਲਾਨ ਕੀਤਾ ਗਿਆ। ਓਹਨਾਂ ਦੱਸਿਆ ਕਿ ਇਨ੍ਹਾਂ ਚਲਾਨਾਂ ਵਾਲੇ ਵਹੀਕਲਾਂ ਵਿੱਚ ਇੱਕ ਸਕੂਲ ਅਤੇ ਟੂਰਿਸਟ ਬੱਸ ਵੀ ਸ਼ਾਮਲ ਸੀ। ਚੈਕਿੰਗ ਦੌਰਾਨ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਉੱਤੇ ਜ਼ੋਰ ਦਿੱਤਾ ਗਿਆ। ਓਹਨਾਂ ਕਿਹਾ ਕਿ ਇਹ ਮੁਹਿੰਮ ਆਉਂਦੇ ਦਿਨੀਂ ਵੀ ਜਾਰੀ ਰਹੇਗੀ।



















