ਪੰਜਾਬ ਟਰਾਂਸਪੋਰਟ ਦੇ ਕੱਚੇ ਮੁਲਾਜ਼ਮ ਫਰੰਟ ਲਾਈਨ ‘ਤੇ, ਪਰ ਸਰਕਾਰ ਅਜੇ ਵੀ ਅਣਦੇਖੀ ਕਰ ਰਹੀ: ਰੇਸ਼ਮ ਸਿੰਘ ਗਿੱਲ

73

ਅੱਜ ਦੀ ਆਵਾਜ਼ | 11 ਮਈ 2025

ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਦੇ ਕੰਟਰੈਕਟ ਮੁਲਾਜ਼ਮਾਂ ਵੱਲੋਂ ਅੱਜ ਇੱਕ ਪ੍ਰੈਸ ਬਿਆਨ ਰਾਹੀਂ ਆਪਣੀਆਂ ਮੰਗਾਂ ਬਾਰੇ ਮੁੜ ਸਰਕਾਰ ਨੂੰ ਜ਼ਿੰਮੇਵਾਰੀ ਯਾਦ ਦਿਵਾਈ ਗਈ। ਸੂਬਾ ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਕੱਚੇ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਹਰ ਵਾਰੀ ਸਰਕਾਰ ਵਲੋਂ ਮੰਗਾਂ ਮੰਨਣ ਦਾ ਦਾਅਵਾ ਤਾਂ ਕੀਤਾ ਜਾਂਦਾ ਹੈ ਪਰ ਅਫ਼ਸਰਸ਼ਾਹੀ ਵਲੋਂ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਨਤੀਜਾ ਇਹ ਹੁੰਦਾ ਹੈ ਕਿ ਮੁਲਾਜ਼ਮਾਂ ਦੀਆਂ ਮਸਲਿਆਂ ਜਿਉਂ ਦੀਆਂ ਤਿਉਂ ਹੀ ਰਹਿ ਜਾਂਦੀਆਂ ਹਨ।

ਗਿੱਲ ਨੇ ਦੱਸਿਆ ਕਿ ਜਦੋਂ ਵੀ ਰਾਜ ਜਾਂ ਦੇਸ਼ ‘ਚ ਸੰਕਟ ਆਇਆ—ਭਾਵੇਂ ਦੰਗੇ ਹੋਣ, ਹੜ੍ਹ, ਕੋਵਿਡ ਜਾਂ ਹੁਣ ਜੰਗ ਵਰਗੀ ਸਥਿਤੀ ਹੋਵੇ—ਕੱਚੇ ਮੁਲਾਜ਼ਮ ਹਰ ਵਾਰੀ ਫਰੰਟ ਲਾਈਨ ‘ਤੇ ਆਪਣਾ ਫਰਜ਼ ਨਿਭਾਉਂਦੇ ਆਏ ਹਨ। ਇਨ੍ਹਾਂ ਨੇ ਹਮੇਸ਼ਾ ਸਹਿਯੋਗ ਦਿੱਤਾ, ਪਰ ਵਾਪਸ ਇਨ੍ਹਾਂ ਨੂੰ ਕੋਈ ਮਾਨਤਾ ਜਾਂ ਸੁਰੱਖਿਆ ਨਹੀਂ ਮਿਲੀ।

ਉਹਨਾਂ ਨੇ ਉਦਾਹਰਣ ਦਿੱਤੀ ਕਿ ਕੋਰੋਨਾ ਦੌਰਾਨ ਐਂਬੂਲੈਂਸ ਚਲਾਉਣ ਵਾਲੇ ਇਕ ਮੁਲਾਜ਼ਮ ਦੀ ਮੌਤ ਹੋ ਗਈ, ਪਰ ਪਰਿਵਾਰ ਨੂੰ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ। ਫਿਰ ਵੀ, ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮ ਅੱਜ ਵੀ ਦੇਸ਼ ਦੇ ਨਾਲ ਖੜੇ ਹਨ।

ਯੂਨੀਅਨ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਹੁਣ ਮੌਜੂਦਾ ਅਣਦੇਖੀ ਦੀ ਨੀਤੀ ਛੱਡਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੀ ਨੌਕਰੀ, ਸੁਰੱਖਿਆ ਅਤੇ ਹੱਕ ਦੇਣ ਵੱਲ ਗੰਭੀਰਤਾ ਨਾਲ ਕਦਮ ਚੁੱਕਣ।