ਰਮਨ ਬਹਿਲ ਨੇ ਰਾਮਲੀਲ੍ਹਾ ਵਿੱਚ ਪਹੁੰਚ ਕੇ ਭਗਵਾਨ ਸ੍ਰੀ ਰਾਮ ਚੰਦਰ ਦਾ ਅਸ਼ੀਰਵਾਦ ਲਿਆ

106

ਗੁਰਦਾਸਪੁਰ, 23 ਸਤੰਬਰ 2025 AJ Di Awaaj

Punjab Desk :  ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ੍ਰੀ ਰਮਨ ਬਹਿਲ ਨੇ ਬੀਤੀ ਰਾਤ ਸ੍ਰੀ ਰਾਮ ਲੀਲ੍ਹਾ ਨਾਟਕ ਕਲੱਬ ਵੱਲੋਂ ਮੰਡੀ ਗੁਰਦਾਸਪੁਰ ਵਿਖੇ ਕਰਵਾਈ ਜਾ ਰਹੀ ਪਵਿੱਤਰ ਰਾਮ ਲੀਲ੍ਹਾ ਵਿੱਚ ਸ਼ਿਰਕਤ ਕਰਕੇ ਪ੍ਰਭੂ ਸ੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ‌।

ਹਰ ਸਾਲ ਰਾਮਲੀਲ੍ਹਾ ਦਾ ਸਫ਼ਲ ਮੰਚਨ ਕਰਨ ਲਈ ਰਾਮ ਲੀਲ੍ਹਾ ਨਾਟਕ ਕਲੱਬ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪਾਵਨ ਪਵਿੱਤਰ ਰਮਾਇਣ ਸਾਡੇ ਭਾਰਤੀ ਸੰਸਕਾਰ ਅਤੇ ਧਾਰਮਿਕ ਪਰੰਪਰਾਵਾਂ ਦਾ ਇਕ ਅਟੁੱਟ ਹਿੱਸਾ ਹੈ। ਰਮਾਇਣ ‘ਤੇ ਅਧਾਰਿਤ ਰਾਮਲੀਲ੍ਹਾ ਸਿਰਫ਼ ਇੱਕ ਨਾਟਕ ਨਹੀਂ, ਸਗੋਂ ਸਚਾਈ, ਧਰਮ, ਨੈਤਿਕਤਾ ਅਤੇ ਆਦਰਸ਼ ਜੀਵਨ ਮੁੱਲਾਂ ਦੀ ਜੀਵੰਤ ਤਸਵੀਰ ਹੈ। ਉਨ੍ਹਾਂ ਕਿਹਾ ਕਿ ਰਾਮਲੀਲ੍ਹਾ ਰਾਹੀਂ ਸਾਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਨਾ ਮਿਲਦੀ ਹੈ ਕਿ ਕਿਸ ਤਰ੍ਹਾਂ ਮਨੁੱਖ ਨੇ ਹਮੇਸ਼ਾਂ ਸਚਾਈ ਅਤੇ ਧਰਮ ਦੇ ਰਸਤੇ ‘ਤੇ ਚੱਲਣਾ ਹੈ, ਭਾਵੇਂ ਰਾਹ ਕਿੰਨਾ ਵੀ ਮੁਸ਼ਕਲ ਕਿਉਂ ਨਾ ਹੋਵੇ।

ਸ੍ਰੀ ਰਮਨ ਬਹਿਲ ਨੇ ਕਿਹਾ ਕਿ ਰਾਮਲੀਲ੍ਹਾ ਲੋਕਾਂ ਵਿੱਚ ਭਾਈਚਾਰੇ, ਸਦਾਚਾਰ ਅਤੇ ਆਦਰਸ਼ ਪਰਿਵਾਰਿਕ ਜੀਵਨ ਦੀ ਸਿੱਖਿਆ ਦਿੰਦੀ ਹੈ। ਇਹ ਸਾਡੇ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੀ ਹੈ ਅਤੇ ਉਨ੍ਹਾਂ ਨੂੰ ਸੰਸਕਾਰਾਂ ਨਾਲ ਭਰਪੂਰ ਕਰਦੀ ਹੈ। ਹਰ ਸਾਲ ਰਾਮਲੀਲ੍ਹਾ ਦੇ ਮੰਚਨ ਰਾਹੀਂ ਪੂਰਾ ਸ਼ਹਿਰ ਇਕੱਠਾ ਹੁੰਦਾ ਹੈ ਜਿਸ ਨਾਲ ਸਮਾਜਕ ਏਕਤਾ ਨੂੰ ਵੀ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਆਓ ਸਾਰੇ ਮਰਿਯਾਦਾ ਪ੍ਰਸ਼ੋਤਮ ਪ੍ਰਭੂ ਸ੍ਰੀ ਰਾਮ ਚੰਦਰ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫ਼ਲ ਬਣਾਈਏ।

ਇਸ ਮੌਕੇ ਰਾਮ ਲੀਲ੍ਹਾ ਨਾਟਕ ਕਲੱਬ ਦੇ ਪ੍ਰਧਾਨ ਸ੍ਰੀ ਮੁਨੀਸ਼ ਬਮੋਤਰਾ ਅਤੇ ਡਿਪਟੀ ਚੇਅਰਮੈਨ ਸ੍ਰੀ ਕੇਦਾਰਨਾਥ ਸ਼ਰਮਾ ਅਤੇ ਸਮੂਹ ਕਲੱਬ ਮੈਂਬਰਾਂ ਵੱਲੋਂ ਸ੍ਰੀ ਰਮਨ ਬਹਿਲ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਮਲੀਲ੍ਹਾ ਕਲੱਬ ਦੇ ਮੈਂਬਰ ਸਾਹਿਲ, ਵਿਕਰਾਂਤ ਭੱਲਾ, ਸਾਹਿਲ ਸ਼ਾਲੂ, ਨਿਤਸ਼, ਅਸ਼ਵਨੀ ਸ਼ਰਮਾ, ਪਰਵ ਕੁਮਾਰ, ਚੰਦਨ, ਅਸ਼ਵਨੀ ਕੁਮਾਰ ਤੋਂ ਇਲਾਵਾ ਹੋਰ ਅਹੁਦੇਦਾਰ ਵੀ ਹਾਜ਼ਰ ਸਨ।