ਪੰਜਾਬ ਦੀ ਹਵਾ ਬਣੀ ਸਿਹਤ ਲਈ ਖ਼ਤਰਾ

17

ਮੋਗਾ:21 Nov 2026 AJ DI Awaaj

Punjab Desk :     ਪੰਜਾਬ ਵਿੱਚ ਬਦਲਦੇ ਮੌਸਮ ਅਤੇ ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਵਧਣ ਨਾਲ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਹਵਾ ਵਿੱਚ ਘੁਲਿਆ ਧੂੰਆਂ ਅਤੇ ਪ੍ਰਦੂਸ਼ਣ ਲੋਕਾਂ ਲਈ ਸਾਹ ਲੈਣਾ ਮੁਸ਼ਕਲ ਬਣਾ ਰਿਹਾ ਹੈ। ਇਸ ਦੇ ਨਾਲ ਹੀ ਖੰਘ, ਜ਼ੁਕਾਮ, ਬੁਖਾਰ ਅਤੇ ਗਲੇ ਦੀ ਖਰਾਸ਼ ਵਰਗੀਆਂ ਬਿਮਾਰੀਆਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

ਇਨ੍ਹਾਂ ਦਿਨਾਂ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਾਲੀ ਦੇ ਧੂੰਏਂ ਅਤੇ ਮੌਸਮ ਵਿੱਚ ਤਬਦੀਲੀ ਕਾਰਨ ਸਾਹ ਸਬੰਧੀ ਸਮੱਸਿਆਵਾਂ ਅਤੇ ਵਾਇਰਲ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ।

ਹਸਪਤਾਲਾਂ ਵਿੱਚ ਵਧ ਰਹੇ ਮਰੀਜ਼

ਖੰਘ, ਬਲਗਮ, ਬੁਖਾਰ, ਗਲੇ ਵਿੱਚ ਖਰਾਸ਼ ਅਤੇ ਸਾਹ ਲੈਣ ਵਿੱਚ ਦਿੱਕਤ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇ ਨਾਲ ਭਾਫ਼ ਅਤੇ ਨੈਬੂਲਾਈਜ਼ੇਸ਼ਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

ਡੇਂਗੂ ਤੋਂ ਬਚਾਅ ਲਈ ਵੀ ਰਹੋ ਸਾਵਧਾਨ

ਡੇਂਗੂ ਦੇ ਮਾਮਲਿਆਂ ਨੂੰ ਦੇਖਦਿਆਂ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਤੇਜ਼ ਬੁਖਾਰ, ਸਰੀਰ ਵਿੱਚ ਦਰਦ, ਕਮਜ਼ੋਰੀ ਅਤੇ ਚੱਕਰ ਆਉਣਾ ਡੇਂਗੂ ਦੇ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਦਿਖਾਈ ਦੇਣ ‘ਤੇ ਆਪਣੀ ਮਰਜ਼ੀ ਨਾਲ ਦਵਾਈ ਲੈਣ ਦੀ ਬਜਾਏ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਡੇਂਗੂ ਤੋਂ ਬਚਣ ਲਈ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ, ਮੱਛਰਾਂ ਤੋਂ ਬਚਾਅ ਦੇ ਉਪਾਅ ਕਰੋ ਅਤੇ ਘਰਾਂ ਜਾਂ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ।

ਪਲੇਟਲੈਟਸ ਘਟਣ ‘ਤੇ ਘਰੇਲੂ ਨੁਸਖ਼ਿਆਂ ਤੋਂ ਬਚੋ

ਬੱਕਰੀ ਦਾ ਦੁੱਧ, ਕੀਵੀ ਅਤੇ ਡਰੈਗਨ ਫਰੂਟ ਨੂੰ ਪਲੇਟਲੈਟਸ ਵਧਾਉਣ ਦਾ ਪੱਕਾ ਇਲਾਜ ਨਹੀਂ ਮੰਨਣਾ ਚਾਹੀਦਾ। ਪਲੇਟਲੈਟਸ ਘੱਟ ਹੋਣ ਦੀ ਸਥਿਤੀ ਵਿੱਚ ਘਰੇਲੂ ਨੁਸਖ਼ਿਆਂ ਦੀ ਬਜਾਏ ਡਾਕਟਰੀ ਸਲਾਹ ਅਤੇ ਸਹੀ ਇਲਾਜ ਜ਼ਰੂਰੀ ਹੈ।

ਬੱਚਿਆਂ ਤੇ ਬਜ਼ੁਰਗਾਂ ਲਈ ਵਿਸ਼ੇਸ਼ ਸਲਾਹ

ਪਰਾਲੀ ਦੇ ਧੂੰਏਂ ਤੋਂ ਬਚਣ ਲਈ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਸਵੇਰੇ ਅਤੇ ਸ਼ਾਮ ਬਿਨਾਂ ਜ਼ਰੂਰਤ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ। ਜੇਕਰ ਬਾਹਰ ਜਾਣਾ ਜ਼ਰੂਰੀ ਹੋਵੇ ਤਾਂ ਮਾਸਕ ਪਹਿਨਣਾ ਅਤੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ।

ਲੋਕਾਂ ਨੂੰ ਅਪੀਲ ਕੀਤੀ ਕਿ ਬਦਲਦੇ ਮੌਸਮ, ਹਵਾ ਪ੍ਰਦੂਸ਼ਣ ਅਤੇ ਡੇਂਗੂ ਦੇ ਖ਼ਤਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੀ ਸਿਹਤ ਦਾ ਧਿਆਨ ਰੱਖਣ। ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਹੋਣ ‘ਤੇ ਖੁਦ ਦਵਾਈ ਲੈਣ ਦੀ ਬਜਾਏ ਸਮੇਂ ਸਿਰ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।