ਪੰਜਾਬ ਨੇ ਸਾਹਿਤਕ ਸਮਾਗਮ ਰਾਹੀਂ ਕੀਤਾ ਡਾ. ਸੁਤਿੰਦਰ ਸਿੰਘ ਨੂਰ ਨੂੰ ਯਾਦ

2

ਕੋਟਕਪੂਰਾ 27 ਅਕਤੂਬਰ 2026 AJ DI Awaaj

Punjab Desk :  ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਕੋਟਕਪੂਰਾ ਵਿਖੇ ਉੱਘੇ ਚਿੰਤਕ, ਕਵੀ ਤੇ ਆਲੋਚਕ ‘ਡਾ. ਸੁਤਿੰਦਰ ਸਿੰਘ ਨੂਰ ਯਾਦਗਾਰੀ ਸਮਾਗਮ’ ਕਰਵਾਇਆ ਗਿਆ। ਜਿਸ ਦੌਰਾਨ ਉੱਘੇ ਵਿਦਵਾਨਾਂ ਨੇ ਡਾ. ਨੂਰ ਦੀਆਂ ਸਾਹਿਤਕ, ਅਕਾਦਮਿਕ ਤੇ ਜੀਵਨ ਨਾਲ ਜੁੜੀਆ ਯਾਦਾਂ ਤਾਜ਼ਾ ਕੀਤੀਆਂ। ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਸ਼ਾਮਲ ਹੋਏ। ਉੱਘੇ ਚਿੰਤਕ, ਨਾਵਲਕਾਰ ਤੇ ਕਵੀ ਡਾ. ਮਨਮੋਹਨ ਸਿੰਘ ਨੇ ਡਾ. ਨੂਰ ਦੀ ਕਾਵਿ ਕਲਾ ਬਾਰੇ, ਡਾ. ਵਨੀਤਾ ਨੇ ਉਨ੍ਹਾਂ ਦੇ ਅਧਿਆਪਨ ਬਾਰੇ ਅਤੇ ਡਾ. ਰਵੇਲ ਸਿੰਘ ਨੇ ਉਨ੍ਹਾਂ ਦੀਆਂ ਜੀਵਨ ਯਾਦਾਂ ਅਤੇ ਸਰਗਰਮੀਆਂ ਬਾਰੇ ਚਾਨਣਾ ਪਾਇਆ।

                ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਵਿਭਾਗ ਵੱਲੋਂ ਨਾਵਾਂ, ਥਾਵਾਂ ਅਤੇ ਘਟਨਾਵਾਂ ਨੂੰ ਜੋੜ ਕੇ ਪੰਜਾਬ ਦੇ ਵਿਦਵਾਨਾਂ ਦੇ ਭਾਸ਼ਾਈ, ਸਾਹਿਤਕ ਤੇ ਅਕਾਦਮਿਕ ਯੋਗਦਾਨ ਨੂੰ ਯਾਦ ਕਰਨ ਹਿੱਤ ਵਿਸ਼ੇਸ਼ ਸਮਾਗਮ ਸ਼ੁਰੂ ਕੀਤੇ ਹਨ।  ਇਸੇ ਸਿਲਸਿਲੇ ਤਹਿਤ ਡਾ. ਸਤਿੰਦਰ ਸਿੰਘ ਨੂਰ ਨੂੰ ਉਨ੍ਹਾਂ ਦੀ ਜਨਮ ਭੋਇ ਕੋਟਕਪੂਰਾ ਵਿਖੇ ਉਨ੍ਹਾਂ ਦੇ ਸਮਕਾਲੀ ਤੇ ਸਾਥੀ ਵਿਦਵਾਨਾਂ ਨੂੰ ਸਾਹਿਤ ਪ੍ਰੇਮੀਆਂ ਤੇ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਗਿਆ ਹੈ। ਚਰਚਾ ਦੀ ਸ਼ੁਰੂਆਤ ਉੱਘੇ ਕਵੀ ਤੇ ਆਲੋਚਕ ਡਾ. ਦਵਿੰਦਰ ਸੈਫ਼ੀ ਨੇ ਡਾ. ਨੂਰ ਦੀ ਆਲੋਚਨਾ ਦੇ ਖੇਤਰ ’ਚ ਘਾਲਣਾ ਬਾਰੇ ਕੀਤੇ ਆਪਣੇ ਖੋਜ ਕਾਰਜ ’ਚੋਂ ਜਾਣਕਾਰੀ ਸਾਂਝੀ ਕਰਨ ਨਾਲ ਕੀਤੀ ਅਤੇ ਬਾਕੀ ਬੁਲਾਰਿਆਂ ਨਾਲ ਜਾਣ ਪਛਾਣ ਕਰਾਈ। ਫਿਰ ਉੱਘੇ ਚਿੰਤਕ ਡਾ. ਮਨਮੋਹਨ ਨੇ ਡਾ. ਨੂਰ ਦੇ ਕਾਵਿ ਸੰਸਾਰ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਉਨ੍ਹਾਂ ਨੇ ਡਾ. ਨੂਰ ਦੀਆਂ ਕਈ ਪ੍ਰਸਿੱਧ ਕਵਿਤਾਵਾਂ ਦਾ ਪਾਠ ਕਰਦਿਆਂ ਦੱਸਿਆ ਕਿ ਉਹਨਾਂ ਦੀ ਕਵਿਤਾ ਵਿਚ ਵਿਸ਼ਵ ਪੱਧਰ ਦਾ ਚਿੰਤਨ, ਸਹਿਜ ਤੇ ਹੁਨਰ ਵਿਦਮਾਨ ਸੀ। ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਚਿੰਤਕਾਂ ਅਤੇ ਕਵੀਆਂ ਦੀਆਂ ਕਵਿਤਾ ਬਾਰੇ ਟੂਕਾਂ ਨਾਲ ਨੂਰ ਸਾਹਿਬ ਦੀ ਕਵਿਤਾ ਦੇ ਅਨੇਕਾਂ ਗੁਣਾਂ ਦੀ ਨਿਸ਼ਾਨਦਾਹੀ ਕੀਤੀ।

ਡਾ. ਨੂਰ ਨਾਲ ਲੰਬਾ ਅਰਸਾ ਵਿਚਰਨ ਵਾਲੇ ਡਾ. ਰਵੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਸਿਫ਼ਤ ਇਹ ਸੀ ਕਿ ਜਿਥੇ ਉਹ ਹਰ ਉੱਭਰਦੇ ਲੇਖਕ ਨੂੰ ਦਿਲ ਖੋਲ੍ਹ ਕੇ ਹੱਲਾਸ਼ੇਰੀ ਦਿੰਦੇ ਸਨ ਉਥੇ ਸਥਾਪਤ ਲੇਖਕਾਂ ਦੀ ਪੂਰੀ ਬੇਬਾਕੀ ਨਾਲ ਨੁਕਤਾਚੀਨੀ ਵੀ ਕਰਦੇ ਸਨ। ਜਿਸ ਤਹਿਤ ਉਨ੍ਹਾਂ ਕਦੇ ਵੀ ਕਿਸੇ ਵੰਨਗੀ ਦੇ ਨਵੇਂ ਪੁਰਾਣੇ ਲੇਖਕ ਦੀ ਪੁਸਤਕ ਦਾ ਮੁੱਖਬੰਦ ਲਿਖਣ ਤੋਂ ਇਨਕਾਰ ਨਹੀਂ ਕੀਤਾ। ਘੁੰਮਣ-ਫਿਰਨ ਦੇ ਸ਼ੌਕ ਅਤੇ ਲੰਮੀਆਂ ਯਾਤਰਾਵਾਂ ਦਾ ਸੰਕੋਚ ਨਾ ਹੋਣ ਕਰਕੇ ਉਨ੍ਹਾਂ ਨੇ ਦੁਨੀਆ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੇ ਸਾਹਿਤ ਤੇ ਸੱਭਿਆਚਾਰ ਨੂੰ ਪੜ੍ਹਿਆ, ਮਾਣਿਆ ਅਤੇ ਵਿਚਾਰਿਆ। ਇਸੇ ਅਨੁਭਵ ਸਦਕਾ ਹੀ ਉਹ ਉੱਚ ਕੋਟੀ ਦੇ ਵਿਦਵਾਨਾਂ ਦੀ ਕਤਾਰ ਵਿੱਚ ਜਾ ਖੜੇ। ਉਹ ਨਿਰਪੱਖ ਪਾਰਖੂ ਅਤੇ ਮੁਲਾਂਕਣਕਾਰ  ਹੋਣ ਦੇ ਨਾਤੇ ਕਿਸੇ ਇਨਾਮ, ਸਨਮਾਨ ਜਾਂ ਅਹੁਦੇ ਦੀ ਚੋਣ ਵੇਲੇ ਸਭ ਮਨ-ਮੁਟਾਵ ਭੁਲਾ ਕੇ ਯੋਗ ਵਿਅਕਤੀ ਨੂੰ ਹੀ ਚੁਣਦੇ ਸਨ।

ਡਾ. ਵਨੀਤਾ ਨੇ ਦੱਸਿਆ ਕਿ ਡਾ. ਨੂਰ ਨੇ ਕਦੇ ਵੀ ਆਲੋਚਨਾ ਲਈ ਕੋਈ ਵਿਸ਼ੇਸ਼ ਚੌਖਟਾ ਤਿਆਰ ਨਹੀਂ ਕੀਤਾ ਅਤੇ ਨਾ ਹੀ ਆਲੋਚਨਾ ਦੀਆਂ ਪ੍ਰੰਪਰਾਵਾਂ ’ਚ ਸਥਾਈ ਤੌਰ ਤੇ ਬੱਝੇ ਰਹੇ। ਸਗੋਂ ਉਨ੍ਹਾਂ ਨੇ ਹਰ ਰਚਨਾ ਦੀ ਨਵੇਂ ਤੇ ਨਿਵੇਕਲਾ ਪੱਖਾਂ ਤੋਂ ਨਿਰਖ ਪਰਖ ਕੀਤੀ। ਉਨ੍ਹਾਂ ਕਿਹਾ ਉਹ ਜਿੱਥੇ ਉੱਚ ਕੋਟੀ ਦੇ ਆਲੋਚਕ, ਚਿੰਤਕ ਤੇ ਕਵੀ ਸਨ ਉੱਥੇ ਉਹ ਇੱਕ ਸੁਹਿਰਦ ਅਤੇ ਪ੍ਰਤੀਬੱਧ ਅਧਿਆਪਕ ਸਨ ਜੋ ਆਪਣੇ ਸ਼ਗਿਰਦਾਂ ਨੂੰ ਕੋਈ ਵੀ ਖੋਜ ਕਾਰਜ ਜਾਂ ਸਿਰਜਣਾ ਕਰਨ ਤੋਂ ਪਹਿਲਾ ਉੱਚ ਕੋਟੀ ਦਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕਰਦੇ ਸਨ ਤੇ ਲੋੜੀਂਦੀ ਸਮੱਗਰੀ ਵੀ ਖ਼ੁਦ ਮੁਹੱਈਆ ਕਰਵਾਉਣ ਲਈ ਤੱਤਪਰ ਰਹਿੰਦੇ ਸਨ।

ਮੁੱਖ ਮਹਿਮਾਨ ਡਾ. ਮਾਧਵ ਕੌਸ਼ਿਕ ਨੇ ਕਿਹਾ ਡਾ. ਨੂਰ ਪੰਜਾਬ, ਪੰਜਾਬੀ ਅਤੇ ਪੰਜਾਬੀ ਸਾਹਿਤ ਨੂੰ ਗਲੋਬਲ ਪੱਧਰ ਤੱਕ ਲਿਜਾਣ ਵਾਲਾ ਸ਼ਖ਼ਸ ਸੀ। ਜਿਸ ਦੇ ਰੋਮ ਰੋਮ ਵਿੱਚ ਪੰਜਾਬੀਅਤ ਵਸੀ ਹੋਈ ਸੀ। ਉਹ ਪਹਿਲਾ ਤੇ ਇਕਲੌਤਾ ਪੰਜਾਬੀ ਸੀ ਜੋ ਭਾਰਤੀ ਸਾਹਿਤ ਅਕਾਦਮੀ ਦਾ ਸਰਬ ਸੰਮਤੀ ਨਾਲ ਮੀਤ ਪ੍ਰਧਾਨ ਬਣਿਆ। ਉਹ ਕਦੇ ਵੀ ਪੰਜਾਬੀ ਦੇ ਪਸਾਰ ਦਾ ਮੌਕਾ ਖੁੰਝਣ ਨਹੀਂ ਦਿੰਦੇ ਸਨ। ਡਾ. ਕੌਸ਼ਿਕ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਅਜਿਹੇ ਕੋਹਿਨੂਰ ਨੂੰ ਸਮਾਗਮ ਜਰੀਏ ਯਾਦ ਕਰਨਾ ਰਿਸ਼ੀ ਉਤਾਰਨ ਵਰਗਾ ਸ਼ਲਾਘਾਯੋਗ ਕਾਰਜ ਹੈ।

ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਸ. ਪ੍ਰਭਜੋਤ ਸਿੰਘ ਸਹੋਤਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਭਾਸ਼ਾ ਵਿਭਾਗ ਵੱਲੋਂ ਸਮਾਗਮ ਲਈ ਉਨ੍ਹਾਂ ਦਾ ਸਕੂਲ ਚੁਣਨ ਲਈ ਸ਼ਲਾਘਾ ਕੀਤੀ। ਸਮਾਗਮ ਦੇ ਸਮੁੱਚੇ ਪ੍ਰਬੰਧਾਂ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਸ੍ਰੀ ਮਨਜੀਤ ਪੁਰੀ ਤੇ ਉਨ੍ਹਾਂ ਦੀ ਟੀਮ ਨੇ ਵੱਡਮੁੱਲਾ ਯੋਗਦਾਨ ਪਾਇਆ। ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਵਿਭਾਗ ਵੱਲੋਂ ਸਾਰੇ ਬੁਲਾਰਿਆਂ ਨੂੰ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਦੇ ਸੈੱਟ ਦੇ ਕੇ ਸਤਿਕਾਰ ਦਿੱਤਾ। ਇਸ ਮੌਕੇ ਸਾਹਿਤਕਾਰ ਵਿਜੇ ਵਿਵੇਕ, ਤਰਸੇਮ ਬਰਨਾਲਾ, ਖੁਸ਼ਵੰਤ ਬਰਗਾੜੀ, ਕੁਮਾਰ ਜਗਦੇਵ, ਪ੍ਰਿੰ.ਸੇਵਾ ਸਿੰਘ ਚਾਵਲਾ, ਪ੍ਰੀਤ ਭਗਵਾਨ, ਈਸਰ ਸਿੰਘ ਲੰਭਾਵਾਲੀ, ਵਤਨਵੀਰ, ਬਿਕਰਮਜੀਤ ਨੂਰ, ਬਲਜਿੰਦਰ ਭਾਰਤੀ, ਪਰਮਜੀਤ ਕੌਰ ਸਰਾਂ, ਮਨ ਮਾਨ, ਭੁਪਿੰਦਰ ਪਰਵਾਜ਼, ਲੈਕਚਰਾਰ ਰੁਪਿੰਦਰ ਕੌਰ, ਸ਼ਵਿੰਦਰ ਕੌਰ, ਧਰਮਿੰਦਰ ਸਿੰਘ, ਕੁਲਵਿੰਦਰ ਸਿੰਘ ਜਟਾਣਾ, ਬੂਟਾ ਸਿੰਘ ਵਾਕਫ, ਗੁਰਭੇਜ ਸਿੰਘ, ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਰਣਜੀਤ ਸਿੰਘ ਸੀਨੀ. ਸਹਾ.  ਤੋਂ ਇਲਾਵਾ ਨਿਧੜਕ ਸਿੰਘ ਬਰਾੜ, ਪ੍ਰਿੰਸੀਪਲ ਸ਼ੁਭ ਪ੍ਰੇਮ ਬਰਾੜ, ਪਰਮਜੀਤ ਸਿੱਧੂ, ਮਨਜੀਤ ਸਿੰਘ ਔਲਖ, ਡਾ. ਸਟਾਲਿਨਜੀਤ ਸਿੰਘ, ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਅੰਕੁਸ਼ ਕੁਮਾਰ, ਅਤੇ ਬਹੁਤ ਸਾਰੇ ਵਿਦਿਆਰਥੀ ਤੇ ਹਾਜ਼ਰ ਸਨ।