ਪੰਜਾਬ-ਹਰਿਆਣਾ ਹਾਈਕੋਰਟ: ਵਕੀਲਾਂ ਵਿੱਚ ਝਗੜਾ, ਤਲਵਾਰ ਲੈ ਕੇ ਘੁੰਮਿਆ ਵਕੀਲ

52

ਚੰਡੀਗੜ੍ਹ, 18 ਸਤੰਬਰ 2025:Aj DI Awaaj

Chandigarh Desk : ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਮੰਗਲਵਾਰ ਨੂੰ ਵਕੀਲਾਂ ਦੇ ਦਰਮਿਆਨ ਗੰਭੀਰ ਝਗੜਾ ਹੋ ਗਿਆ, ਜਿਸ ਨਾਲ ਅਦਾਲਤ ਪ੍ਰੰਗਣ ‘ਚ ਤਣਾਅ ਦਾ ਮਾਹੌਲ ਬਣ ਗਿਆ। ਹਾਈਕੋਰਟ ਬਾਰ ਐਸੋਸੀਏਸ਼ਨ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਦੋ ਵਕੀਲਾਂ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।

ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਵੱਲੋਂ ਜਾਰੀ ਨੋਟਿਸ ਮੁਤਾਬਕ, ਐਡਵੋਕੇਟ ਰਵਨੀਤ ਕੌਰ ਨੇ ਚੀਫ ਜਸਟਿਸ ਦੀ ਅਦਾਲਤ ਵਿੱਚ ਦਾਅਵਾ ਕੀਤਾ ਕਿ ਮੌਜੂਦਾ ਸਕੱਤਰ ਨੇ ਉਨ੍ਹਾਂ ਦਾ ਬੈਗ ਅਤੇ ਲੈਪਟੌਪ ਜਬਤ ਕਰ ਲਿਆ ਹੈ। ਉਨ੍ਹਾਂ ਨੇ ਮਾਮਲੇ ਦੀ ਸੁਣਵਾਈ ਅਗਲੇ ਦਿਨ ਕਰਨ ਦੀ ਮੰਗ ਕੀਤੀ। ਹਾਲਾਂਕਿ ਅਦਾਲਤ ਵਿੱਚ ਮੌਜੂਦ ਲਗਭਗ 100 ਵਕੀਲਾਂ ਨੇ ਇਸ ਮੰਗ ਦਾ ਵਿਰੋਧ ਕੀਤਾ ਅਤੇ ਅਦਾਲਤ ਨੇ ਉਨ੍ਹਾਂ ਦੀਆਂ ਆਪਤੀਆਂ ਨੂੰ ਸਵੀਕਾਰ ਕਰ ਲਿਆ।

ਨੋਟਿਸ ‘ਚ ਇਹ ਵੀ ਦੱਸਿਆ ਗਿਆ ਹੈ ਕਿ ਅਦਾਲਤ ਤੋਂ ਬਾਹਰ ਆਉਣ ਉਪਰੰਤ ਰਵਨੀਤ ਕੌਰ ਨੇ ਫਿਰ ਹੰਗਾਮਾ ਕੀਤਾ ਅਤੇ ਐਡਵੋਕੇਟ ਸਿਮਰਨਜੀਤ ਸਿੰਘ ਬਲਾਸੀ ਦੇ ਨਾਲ ਮਿਲ ਕੇ ਕਾਰਜਕਾਰੀ ਦਫਤਰ ‘ਚ ਦਾਖਲ ਹੋ ਕੇ ਸਕੱਤਰ ਨਾਲ ਬਦਸਲੂਕੀ ਕੀਤੀ ਅਤੇ ਹੋਰ ਬਾਰ ਮੈਂਬਰਾਂ ਉੱਤੇ ਹਮਲਾ ਕੀਤਾ।

ਸਭ ਤੋਂ ਗੰਭੀਰ ਦਾਅਵਾ ਇਹ ਹੈ ਕਿ ਐਡਵੋਕੇਟ ਬਲਾਸੀ ਨੂੰ ਅਦਾਲਤ ਪ੍ਰੰਗਣ ਵਿੱਚ ਖੁੱਲ੍ਹੇਆਮ ਤਲਵਾਰ ਲੈ ਕੇ ਘੁੰਮਦੇ ਹੋਏ ਵੇਖਿਆ ਗਿਆ। ਦੱਸਿਆ ਗਿਆ ਕਿ ਉਨ੍ਹਾਂ ਨੇ ਸਕੱਤਰ ਅਤੇ ਹੋਰ ਵਕੀਲਾਂ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਡਰ ਅਤੇ ਧਮਕੀ ਦਾ ਮਾਹੌਲ ਬਣ ਗਿਆ।

ਬਾਰ ਐਸੋਸੀਏਸ਼ਨ ਨੇ ਇਸ ਘਟਨਾ ਨੂੰ “ਬਹੁਤ ਹੀ ਚਿੰਤਾਜਨਕ ਅਤੇ ਕਾਨੂੰਨ-ਵਿਵਸਥਾ ਲਈ ਖਤਰਾ” ਦੱਸਦੇ ਹੋਏ ਦੋਸ਼ੀ ਵਕੀਲਾਂ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।