ਪੰਜਾਬ 02 Dec 2025 AJ DI Awaaj
Punjab Desk : ਪੰਜਾਬ ਸਰਕਾਰ ਨੇ ਗ੍ਰਹਿ ਵਿਭਾਗ ਰਾਹੀਂ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਅਹਿਮ ਤਬਾਦਲੇ ਤੁਰੰਤ ਪ੍ਰਭਾਵ ਨਾਲ ਕਰ ਦਿੱਤੇ ਹਨ। ਗਵਰਨਰ ਦੇ ਹੁਕਮਾਂ ਅਧੀਨ ਜਾਰੀ ਆਦੇਸ਼ਾਂ ਮੁਤਾਬਕ, ਫਿਰੋਜ਼ਪੁਰ ਰੇਂਜ ਦੇ DIG ਹਰਮਨਬੀਰ ਸਿੰਘ (IPS, SPS:2010) ਨੂੰ ਮੌਜੂਦਾ ਅਹੁਦੇ ਤੋਂ ਹਟਾ ਕੇ DIG PAP, ਜਲੰਧਰ ਤਾਇਨਾਤ ਕੀਤਾ ਗਿਆ ਹੈ।
ਹਰਮਨਬੀਰ ਸਿੰਘ ਦੀ ਤਾਇਨਾਤੀ ਦੌਰਾਨ ਹੀ RSS ਲੀਡਰ ਨਵੀਨ ਅਰੋੜਾ ਦੇ ਕਤਲ ਮਾਮਲੇ ਵਿੱਚ ਮੁੱਖ ਸ਼ੂਟਰ ਬਾਦਲ ਦਾ ਐਨਕਾਊਂਟਰ ਕੀਤਾ ਗਿਆ ਸੀ। ਬਾਦਲ ਲੰਮੇ ਸਮੇਂ ਤੋਂ ਪੁਲਿਸ ਤੋਂ ਬਚਦਾ ਫਿਰ ਰਿਹਾ ਸੀ।
ਇਸਦੇ ਨਾਲ ਹੀ ਲੁਧਿਆਣਾ ਦੇ DCP ਹੇਡਕਵਾਟਰਜ਼ ਸਨੇਹਦੀਪ ਸ਼ਰਮਾ (IPS, SPS:2011) ਨੂੰ ਫਿਰੋਜ਼ਪੁਰ ਰੇਂਜ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਹੁਣ DIG PAP ਜਲੰਧਰ ਦੇ ਕੰਮਾਂ ਦੇ ਨਾਲ-ਨਾਲ ਫਿਰੋਜ਼ਪੁਰ ਰੇਂਜ ਦੀ DIG ਡਿਊਟੀ ਵੀ ਨਿਭਾਉਣਗੇ।
ਗ੍ਰਹਿ ਵਿਭਾਗ ਦੇ ਨੋਟਿਸ ਮੁਤਾਬਕ, ਦੋਵੇਂ ਅਧਿਕਾਰੀਆਂ ਨੂੰ ਆਪਣੇ ਨਵੇਂ ਅਹੁਦਿਆਂ ‘ਤੇ ਤੁਰੰਤ ਚਾਰਜ ਸੰਭਾਲਣ ਦੇ ਹੁਕਮ ਜਾਰੀ ਹੋ ਚੁੱਕੇ ਹਨ। ਇਹ ਤਬਾਦਲੇ ਚੋਣ ਕਮਿਸ਼ਨ ਦੀ ਸੰਮਤੀ ਅਤੇ ਸਮਰੱਥ ਅਥਾਰਟੀ ਦੀ ਮਨਜ਼ੂਰੀ ਨਾਲ ਕੀਤੇ ਗਏ ਹਨ।
ਚੰਡੀਗੜ੍ਹ ਵਿੱਚ ਜਾਰੀ ਆਦੇਸ਼ਾਂ ਦੀਆਂ ਕਾਪੀਆਂ ਕੇਂਦਰੀ ਗ੍ਰਹਿ ਮੰਤ੍ਰਾਲੇ, ਮੁੱਖ ਮੰਤਰੀ ਦਫ਼ਤਰ, ਚੋਣ ਕਮਿਸ਼ਨ ਅਤੇ ਪੁਲਿਸ ਮੁਖੀ ਸਮੇਤ ਸਾਰੇ ਸਬੰਧਤ ਵਿਭਾਗਾਂ ਨੂੰ ਭੇਜੀਆਂ ਗਈਆਂ ਹਨ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ।














