ਚੰਡੀਗੜ੍ਹ 29 Sep 2025 AJ DI Awaaj
Chandigarh Desk – ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਰਾਜ ਵਿੱਚ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣ ਅਤੇ ਗੈਰਕਾਨੂੰਨੀ ਗਤੀਵਿਧੀਆਂ ‘ਤੇ ਨਕੇਲ ਪਾਉਣ ਲਈ ਪੰਜਾਬ ਪੁਲਿਸ ਮੁਸ਼ੱਤਿਰੀ ਨਾਲ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਕੀਤੀ ਵਿਸ਼ੇਸ਼ ਬੈਠਕ ‘ਚ ਐਸਟੀਐਫ ਦੇ ਏਡੀਜੀਪੀ, ਬਾਰਡਰ ਰੇਂਜ ਦੇ ਡੀਆਈਜੀ ਅਤੇ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ।
ਉਨ੍ਹਾਂ ਦੱਸਿਆ ਕਿ “ਓਪਰੇਸ਼ਨ ਸਿੰਦੂਰ” ਤੋਂ ਬਾਅਦ ਮਿਲ ਰਹੀਆਂ ਜਾਣਕਾਰੀਆਂ ਦੇ ਆਧਾਰ ‘ਤੇ ਵੱਡੀ ਗਿਣਤੀ ‘ਚ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ, 88 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ 20 ਕਤ*ਲਾਂ ਦੇ ਮਾਮਲਿਆਂ ‘ਚੋਂ 18 ਦੇ ਦੋਸ਼ੀ ਕਾਬੂ ਕੀਤੇ ਜਾ ਚੁੱਕੇ ਹਨ।
ਡੀਜੀਪੀ ਨੇ ਐਲਾਨ ਕੀਤਾ ਕਿ ਇੱਕ ਐਂਟੀ-ਆਰਗਨਾਈਜ਼ਡ ਕ੍ਰਾਈਮ ਹੈਲਪਲਾਈਨ ਵੀ ਸ਼ੁਰੂ ਕੀਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਕੋਈ ਵੀ ਸੂਚਨਾ ਹੋਵੇ ਤਾਂ ਪੁਲਿਸ ਨੂੰ ਲਾਜ਼ਮੀ ਤੌਰ ‘ਤੇ ਦੱਸਣ।
ਉਨ੍ਹਾਂ ਦੱਸਿਆ ਕਿ ਹੁਣ ਨਸ਼ੇ ਦੇ ਨਾਲ ਛੋਟੇ ਹਥਿ*ਆਰਾਂ ਦੀ ਆਮਦ ਵੀ ਵਧੀ ਹੈ, ਜਿਸ ਰਾਹੀਂ ਪੰਜਾਬ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 1342 ਕਿਲੋ ਹੇਰੋਇਨ ਅਤੇ ਕਈ ਹਥਿਆਰ ਵੀ ਬਰਾਮਦ ਹੋ ਚੁੱਕੇ ਹਨ। ਡੀਜੀਪੀ ਨੇ ਇਹ ਵੀ ਦੱਸਿਆ ਕਿ ਬਾਹਰਲੇ ਦੇਸ਼ਾਂ ਤੋਂ ਨਸ਼ਾ ਅਤੇ ਹਥਿਆਰ ਭੇਜੇ ਜਾ ਰਹੇ ਹਨ, ਜਿਸ ਤੋਂ ਨਜਿੱਠਣ ਲਈ ਐਂਟੀ-ਡ੍ਰੋਨ ਸਿਸਟਮ ਅਤੇ ਫੈਂਸਿੰਗ ਦੀ ਮਜ਼ਬੂਤੀ ਜ਼ਰੂਰੀ ਹੈ।
ਫਿਰੌਤੀ, ਫਾਇਰਿੰਗ ਅਤੇ ਗੈਂਗਸਟਰ ਗਤੀਵਿਧੀਆਂ ਖ਼ਿਲਾਫ਼, ਡੀਜੀਪੀ ਨੇ ਸਖ਼ਤ ਲਹਿਜ਼ੇ ‘ਚ ਕਿਹਾ ਕਿ ਪੰਜਾਬ ਪੁਲਿਸ ਜੀਰੋ ਟਾਲਰੈਂਸ ਨੀਤੀ ਅਪਣਾਉਂਦੀ ਹੈ ਅਤੇ ਅਜਿਹੇ ਮਾਮਲੇ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਨੌਜਵਾਨਾਂ ਨੂੰ ਸੁਨੇਹਾ ਦਿੰਦਿਆਂ, ਉਨ੍ਹਾਂ ਨੇ ਕਿਹਾ ਕਿ ਨਸ਼ੇ ਅਤੇ ਹਥਿਆਰਾਂ ਦੇ ਧੰਧੇ ‘ਚ ਸ਼ਾਮਿਲ ਹੋਣ ਵਾਲਿਆਂ ਦੀਆਂ ਗੱਲਾਂ ‘ਚ ਨਾ ਆਉਣ। ਇਹ ਰਸਤਾ ਤਬਾਹੀ ਵੱਲ ਲੈ ਜਾਂਦਾ ਹੈ।
ਪਠਾਣਮਾਜਰਾ ਮਾਮਲੇ ‘ਤੇ, ਜਿਸ ਵਿੱਚ ਪੁਲਿਸ ਉੱਤੇ ਗੰਭੀਰ ਦੋਸ਼ ਲਗਾਏ ਗਏ, DGP ਨੇ ਕਿਹਾ ਕਿ ਉਹ ਇਸ ‘ਤੇ ਕੋਈ ਖਾਸ ਟਿੱਪਣੀ ਨਹੀਂ ਕਰ ਰਹੇ, ਪਰ ਇਹ ਜ਼ਰੂਰ ਕਿਹਾ ਕਿ “ਪੰਜਾਬ ਪੁਲਿਸ ਕਦੇ ਵੀ ਕਾਨੂੰਨ ਤੋਂ ਉਪਰ ਨਹੀਂ ਹੈ।”
