ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਵੱਲੋਂ ਲੋਕ ਸੁਣਵਾਈ 7 ਜੂਨ ਨੂੰ

23

ਸ੍ਰੀ ਅਨੰਦਪੁਰ ਸਾਹਿਬ/ਨੰਗਲ 05 ਜੂਨ 2026 AJ DI Awaaj

Punjab Desk : ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਅਤੇ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ 7 ਜੂਨ ਦਿਨ ਐਤਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿਖੇ ਦੌਰਾ ਕਰਨਗੇ। ਇਸ ਦੌਰਾਨ ਉਹ ਸਵੇਰੇ 11 ਵਜੇ ਤੋਂ 12.30 ਵਜੇ ਤੱਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਅਤੇ ਦੁਪਹਿਰ 3 ਵਜੇ ਤੋਂ 4.30 ਵਜੇ ਤੱਕ ਨੰਗਲ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਹਾਜ਼ਰ ਰਹਿਣਗੇ।
ਇਸ ਦੌਰੇ ਦਾ ਮੁੱਖ ਮਕਸਦ ਆਮ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਿੱਧੇ ਤੌਰ ‘ਤੇ ਸੁਣਨਾ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਾਮਲਿਆਂ ‘ਤੇ ਜਾਗਰੂਕਤਾ ਫੈਲਾਉਣਾ ਹੈ। ਇਸ ਮੌਕੇ ਲੋਕ ਆਪਣੀਆਂ ਸਮੱਸਿਆਵਾਂ ਬਿਨਾ ਕਿਸੇ ਝਿਜਕ ਦੇ ਪੇਸ਼ ਕਰ ਸਕਣਗੇ ਅਤੇ ਉਨ੍ਹਾਂ ਨੂੰ ਉਚਿਤ ਮੱਦਦ ਤੇ ਰਹਿਨੁਮਾਈ ਦਿੱਤੀ ਜਾਵੇਗੀ। ਕਮਿਸ਼ਨ ਵੱਲੋਂ ਇਹ ਉਪਰਾਲਾ ਲੋਕਾਂ ਤੱਕ ਨਿਆਂ ਦੀ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਹੈ।
ਇਸ ਮੌਕੇ ਇਲਾਕੇ ਦੇ ਸਮੂਹ ਐਨ.ਜੀ.ਓਜ਼, ਜਨ ਪ੍ਰਤੀਨਿਧੀ, ਸਮਾਜ ਸੇਵੀ ਸੰਗਠਨਾਂ ਦੇ ਆਗੂ, ਪੰਚ ਅਤੇ ਸਰਪੰਚ ਵੀ ਮੌਜੂਦ ਰਹਿਣਗੇ। ਉਹ ਵੀ ਇਸ ਲੋਕ ਸੁਣਵਾਈ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਹਿਯੋਗ ਦੇਣਗੇ। ਇਸ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਸਾਂਝ ਅਤੇ ਸਹਿਕਾਰਤਾ ਨੂੰ ਵੀ ਮਜ਼ਬੂਤੀ ਮਿਲੇਗੀ।
ਇਸ ਤੋਂ ਇਲਾਵਾ, ਆਮ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਹਰ ਵਿਅਕਤੀ ਆਪਣੇ ਹੱਕਾਂ ਅਤੇ ਫਰਜਾਂ ਬਾਰੇ ਸੁਚੇਤ ਹੋ ਸਕੇ। ਜਤਿੰਦਰ ਸਿੰਘ ਸ਼ੰਟੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ‘ਤੇ ਰੱਖ ਕੇ ਉਨ੍ਹਾਂ ਦੇ ਹੱਲ ਵੱਲ ਕਦਮ ਵਧਾਉਣ।