ਖੇਡ ਮਸ਼ਾਲ ਦੇ ਰੂਪਨਗਰ ਪੁੱਜਣ ਦੀਆਂ ਤਿਆਰੀਆਂ ਮੁਕੰਮਲ

35
ਰੂਪਨਗਰ, 18 ਅਗਸਤ 2026 AJ DI Awaaj
Punjab Desk   : ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਖੇਡ ਮਸ਼ਾਲ ਮਾਰਚ 19 ਅਗਸਤ 2026 ਨੂੰ ਰੂਪਨਗਰ ਦੇ ਇਤਿਹਾਸਕ ਨਹਿਰੂ ਸਟੇਡੀਅਮ ਵਿਖੇ ਪਹੁੰਚੇਗਾ। ਖੇਡ ਮਸ਼ਾਲ ਦੇ ਰੂਪਨਗਰ ਪੁੱਜਣ ’ਤੇ ਜ਼ਿਲ੍ਹਾ ਪ੍ਰਸ਼ਾਸਨ, ਖੇਡ ਵਿਭਾਗ ਅਤੇ ਸਥਾਨਕ ਖਿਡਾਰੀਆਂ ਵੱਲੋਂ ਭਰਵਾਂ ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ ਗਿੱਲ ਨੇ ਦੱਸਿਆ ਕਿ ਖੇਡ ਮਸ਼ਾਲ ਦੇ ਸਵਾਗਤ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਨਹਿਰੂ ਸਟੇਡੀਅਮ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਜ਼ਿਲ੍ਹੇ ਦੇ ਉੱਘੇ ਖਿਡਾਰੀ, ਕੋਚ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਪਤਵੰਤੇ ਸੱਜਣ ਸ਼ਿਰਕਤ ਕਰਨਗੇ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਮੌਕੇ ਖਿਡਾਰੀਆਂ ਵੱਲੋਂ ਸ਼ਾਮ 6 ਵਜੇ ਨਹਿਰੂ ਸਟੇਡੀਅਮ ਤੋਂ ਬੇਲਾ ਚੌਂਕ ਤੱਕ ਖੇਡ ਮਸ਼ਾਲ ਮਾਰਚ ਵੀ ਕੱਢਿਆ ਜਾਵੇਗਾ। ਇਹ ਮਾਰਚ ਖੇਡ ਭਾਵਨਾ, ਅਨੁਸ਼ਾਸਨ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਾਮੁਕਤ ਸਮਾਜ ਦਾ ਸੁਨੇਹਾ ਦੇਵੇਗਾ।
ਖੇਡ ਵਿਭਾਗ ਤੇ ਜ਼ਿਲ੍ਹਾ ਖੇਡ ਅਫ਼ਸਰ ਸ. ਜਗਜੀਵਨ ਸਿੰਘ ਗਿੱਲ ਵੱਲੋਂ ਸਮੂਹ ਖੇਡ ਪ੍ਰੇਮੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਨਹਿਰੂ ਸਟੇਡੀਅਮ ਵਿਖੇ ਪਹੁੰਚ ਕੇ ਇਸ ਯਾਦਗਾਰੀ ਮੌਕੇ ਦੇ ਗਵਾਹ ਬਣਨ ਅਤੇ ਖਿਡਾਰੀਆਂ ਦਾ ਹੌਸਲਾ ਵਧਾਉਣ।