ਮੋਹਾਲੀ:26 Aug 2026 AJ DI Awaaj
Punjab Desk : ਘੜੂੰਆਂ ਪਿੰਡ ਵਿੱਚ ਜ਼ਮੀਨ ਦੀ ਖੁਦਾਈ ਦੌਰਾਨ ਚਾਂਦੀ ਦੇ ਪੁਰਾਤਨ ਸਿੱਕਿਆਂ ਨਾਲ ਭਰਿਆ ਇੱਕ ਕੁੱਜਾ ਮਿਲਣ ਦੀ ਖ਼ਬਰ ਤੋਂ ਬਾਅਦ ਇਲਾਕੇ ਵਿੱਚ ਹਲਚਲ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਲਾਇਬ੍ਰੇਰੀ ਦੀ ਨੀਂਹ ਲਈ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਮਜ਼ਦੂਰਾਂ ਨੂੰ ਜ਼ਮੀਨ ਵਿੱਚੋਂ ਇੱਕ ਪੁਰਾਣਾ ਕੁੱਜਾ ਮਿਲਿਆ, ਜਿਸ ਵਿੱਚ ਚਾਂਦੀ ਦੇ ਸਿੱਕੇ ਹੋਣ ਦੀ ਗੱਲ ਸਾਹਮਣੇ ਆਈ ਹੈ।
ਕੁੱਜਾ ਮਿਲਣ ਦੀ ਖ਼ਬਰ ਕੁਝ ਹੀ ਸਮੇਂ ਵਿੱਚ ਪੂਰੇ ਪਿੰਡ ਵਿੱਚ ਫੈਲ ਗਈ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ’ਤੇ ਪਹੁੰਚ ਗਏ। ਲੋਕਾਂ ਨੇ ਖੁਦਾਈ ਵਾਲੀ ਥਾਂ ਦੇ ਆਲੇ-ਦੁਆਲੇ ਮਿੱਟੀ ਫਰੋਲ ਕੇ ਹੋਰ ਸਿੱਕੇ ਲੱਭਣ ਦੀ ਕੋਸ਼ਿਸ਼ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਰਾਤ ਸਮੇਂ ਟਾਰਚਾਂ ਦੀ ਰੌਸ਼ਨੀ ਵਿੱਚ ਵੀ ਖੁਦਾਈ ਵਾਲੀ ਥਾਂ ’ਤੇ ਸਿੱਕਿਆਂ ਦੀ ਭਾਲ ਕਰਦੇ ਨਜ਼ਰ ਆਏ। ਇਸ ਘਟਨਾ ਕਾਰਨ ਪਿੰਡ ਵਿੱਚ ਪੁਰਾਤਨ ਸਿੱਕਿਆਂ ਅਤੇ ਸੰਭਾਵਿਤ ਖਜ਼ਾਨੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।
ਹਾਲਾਂਕਿ ਮਿਲੇ ਸਿੱਕਿਆਂ ਦੀ ਸਹੀ ਗਿਣਤੀ, ਉਨ੍ਹਾਂ ਦੀ ਪੁਰਾਤਨਤਾ ਅਤੇ ਇਤਿਹਾਸਕ ਮਹੱਤਤਾ ਬਾਰੇ ਅਜੇ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਮਾਮਲੇ ਦੀ ਅਗਲੀ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਇਹ ਸਿੱਕੇ ਕਿਸ ਦੌਰ ਨਾਲ ਸਬੰਧਤ ਹਨ ਅਤੇ ਇਨ੍ਹਾਂ ਦੀ ਅਸਲ ਇਤਿਹਾਸਕ ਕੀਮਤ ਕੀ ਹੈ।



















