02 June 2026 Aj Di Awaaj
Education Desk: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦੀਆਂ ਉੱਤਰ-ਪੱਤਰੀਆਂ ਦੀ ਰੀ-ਇਵੈਲਿਊਏਸ਼ਨ (ਮੁੜ-ਮੁਲਾਂਕਣ) ਲਈ ਪੋਰਟਲ 2 ਜੂਨ ਤੋਂ ਦੁਬਾਰਾ ਖੋਲ੍ਹ ਦਿੱਤਾ ਹੈ। ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਆਪਣੀਆਂ ਸਕੈਨ ਕੀਤੀਆਂ ਉੱਤਰ-ਪੱਤਰੀਆਂ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਸੀ ਅਤੇ ਅੰਕਾਂ ਸਬੰਧੀ ਕੋਈ ਗੜਬੜੀ ਮਹਿਸੂਸ ਕਰ ਰਹੇ ਹਨ, ਉਹ ਹੁਣ ਆਨਲਾਈਨ ਰੀ-ਇਵੈਲਿਊਏਸ਼ਨ ਲਈ ਅਪਲਾਈ ਕਰ ਸਕਦੇ ਹਨ।
ਬੋਰਡ ਵੱਲੋਂ ਅਰਜ਼ੀ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 6 ਜੂਨ 2026 ਨਿਰਧਾਰਤ ਕੀਤੀ ਗਈ ਹੈ। ਇਸ ਲਈ ਵਿਦਿਆਰਥੀਆਂ ਨੂੰ ਨਿਰਧਾਰਤ ਸਮੇਂ ਅੰਦਰ ਪੋਰਟਲ ‘ਤੇ ਜਾ ਕੇ ਆਪਣੀ ਅਰਜ਼ੀ ਪੂਰੀ ਕਰਨੀ ਹੋਵੇਗੀ।
ਫੀਸ ਦਾ ਵੇਰਵਾ
CBSE ਦੇ ਨਿਯਮਾਂ ਅਨੁਸਾਰ ਕਿਸੇ ਇੱਕ ਪ੍ਰਸ਼ਨ ਦੀ ਮੁੜ-ਜਾਂਚ ਲਈ 25 ਰੁਪਏ ਫੀਸ ਅਦਾ ਕਰਨੀ ਹੋਵੇਗੀ। ਜੇਕਰ ਵਿਦਿਆਰਥੀ ਪੂਰੀ ਉੱਤਰ-ਪੱਤਰੀ ਦੀ ਰੀ-ਟੋਟਲਿੰਗ ਜਾਂ ਰੀ-ਇਵੈਲਿਊਏਸ਼ਨ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਲਈ 100 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ।
CBSE ਨੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ
CBSE ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁੜ-ਮੁਲਾਂਕਣ ਅਤੇ ਅੰਕਾਂ ਦੀ ਤਸਦੀਕ ਲਈ ਪੋਰਟਲ ਸਰਗਰਮ ਕਰ ਦਿੱਤਾ ਗਿਆ ਹੈ। ਬੋਰਡ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਲਾਈ ਕਰਨ ਤੋਂ ਪਹਿਲਾਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਵੀਡੀਓ ਨੂੰ ਧਿਆਨ ਨਾਲ ਦੇਖਣ।
ਅਗਲੇ ਸਾਲ ਹੋ ਸਕਦਾ ਹੈ ਵੱਡਾ ਬਦਲਾਅ
ਮੀਡੀਆ ਰਿਪੋਰਟਾਂ ਮੁਤਾਬਕ CBSE ਅਗਲੇ ਸਾਲ ਤੋਂ ਇੱਕ ਨਵੀਂ ਵਿਵਸਥਾ ਲਾਗੂ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਸ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਨਤੀਜਿਆਂ ਦੇ ਨਾਲ ਹੀ ਉਨ੍ਹਾਂ ਦੀਆਂ ਸਕੈਨ ਕੀਤੀਆਂ ਉੱਤਰ-ਪੱਤਰੀਆਂ ਵੀ ਡਿਜੀਲਾਕਰ ਰਾਹੀਂ ਉਪਲਬਧ ਕਰਵਾਈਆਂ ਜਾ ਸਕਦੀਆਂ ਹਨ। ਇਸ ਕਦਮ ਦਾ ਮਕਸਦ ਪ੍ਰੀਖਿਆ ਪ੍ਰਣਾਲੀ ਵਿੱਚ ਹੋਰ ਪਾਰਦਰਸ਼ਤਾ ਲਿਆਉਣਾ ਅਤੇ ਵਿਦਿਆਰਥੀਆਂ ਦਾ ਭਰੋਸਾ ਮਜ਼ਬੂਤ ਕਰਨਾ ਹੈ।














