ਚੰਡੀਗੜ੍ਹ, 27 ਅਕਤੂਬਰ 2025 AJ DI Awaaj
Chandigarh Desk : 11 ਨਵੰਬਰ ਨੂੰ ਹੋਣ ਵਾਲੀ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਤਾਇਨਾਤ ਕੀਤੇ ਗਏ ਪੋਲਿੰਗ ਸਟਾਫ਼ ਦੀ ਪਹਿਲੀ ਰਹਿਰਸਲ ਬੀਤੇ ਦਿਨੀਂ ਮਾਈ ਭਾਗੋ ਕਾਲਜ ਆਫ਼ ਨਰਸਿੰਗ, ਪਿੱਦੀ (ਤਰਨ ਤਾਰਨ) ਵਿਖੇ ਕਰਵਾਈ ਗਈ। ਇਸ ਰਿਹਰਸਲ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਸੰਯੁਕਤ ਮੁੱਖ ਚੋਣ ਅਧਿਕਾਰੀ ਸਕੱਤਰ ਸਿੰਘ ਬੱਲ ਪੀਸੀਐੱਸ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਤਰਨ ਤਾਰਨ ਹਲਕੇ ਦੇ ਰਿਟਰਨਿੰਗ ਅਧਿਕਾਰੀ ਕਮ ਐੱਸਡੀਐੱਮ ਗੁਰਮੀਤ ਸਿੰਘ ਪੀਸੀਐੱਸ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਰਿਹਰਸਲ ਦੌਰਾਨ ਮਾਸਟਰ ਟਰੇਨਰਾਂ ਵੱਲੋਂ 1200 ਦੇ ਕਰੀਬ ਪੋਲਿੰਗ ਸਟਾਫ਼ ਨੂੰ ਈ.ਵੀ.ਐੱਮ, ਵੀਵੀਪੈਟ ਅਤੇ ਕੰਟਰੋਲ ਯੂਨਿਟ ਸਹਿਤ ਪੋਲਿੰਗ ਦੇ ਦਿਨ ਦੀਆਂ ਕਰਵਾਈਆਂ ਦੀ ਸਿਖਲਾਈ ਦਿੱਤੀ ਗਈ ਅਤੇ ਨਾਲ ਹੀ ਪੋਲਿੰਗ ਦੌਰਾਨ ਸੁਮੱਚੀ ਚੋਣ ਪ੍ਰੀਕ੍ਰਿਆ ਦੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਪ੍ਰੀਜ਼ਾਈਡਿੰਗ ਅਫਸਰਾਂ (ਪੀਆਰਓ) ਨੂੰ ਈਵੀਐਮ ਵੀਵੀਪੈਟ ਦੀ ਮੋਕ ਡਰਿੱਲ ਰਾਹੀ ਸਾਰੇ ਉਮੀਦਵਾਰਾਂ (ਨੋਟਾ ਸਹਿਤ) ਨੂੰ ਘੱਟੋ ਘੱਟ 5 ਵੋਟਾਂ ਤੇ ਕੁੱਲ 100 ਵੋਟਾਂ ਪਵਾ ਕੇ ਈਵੀਐਮ ਵੀਵੀਪੈਟ ਦੀ ਕਾਰਜਸ਼ੈਲੀ ਸਮਝਾਈ ਗਈ। ਪੀਆਰਓ ਵੱਲੋਂ ਈਵੀਐਮ ਵੀਵੀਪੈਟ ਦੇ ਕੰਮ ਕਰਨ ‘ਤੇ 100 ਫੀਸਦੀ ਭਰੋਸੇਯੋਗਤਾ ਅਤੇ ਪੂਰਾ ਵਿਸ਼ਵਾਸ ਪ੍ਰਗਟਾਇਆ ਗਿਆ ।
ਸਕੱਤਰ ਸਿੰਘ ਬੱਲ ਨੇ ਕਿਹਾ ਕਿ ਚੋਣਾਂ ਦੌਰਾਨ ਜਿਹੜੇ ਵੀ ਅਧਿਕਾਰੀ ਤੇ ਕਰਮਚਾਰੀ ਦੀ ਡਿਊਟੀ ਲੱਗੀ ਹੋਈ ਹੈ ਉਹ ਆਪਣੀ ਇਸ ਡਿਊਟੀ ਨੂੰ ਪੂਰੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਪੋਲਿੰਗ ਸਟਾਫ਼ ਦੇ ਹਰ ਮੈਂਬਰ ਨੂੰ ਈਵੀਐੱਮ ਸਮੇਤ ਪੂਰੀ ਚੋਣ ਪ੍ਰੀਕ੍ਰਿਆ ਦੀ ਚੰਗੀ ਤਰ੍ਹਾ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਵੋਟਾਂ ਪੈਣ ਸਮੇਂ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਚੋਣ ਪ੍ਰੀਕ੍ਰਿਆ ਦੌਰਾਨ ਇੱਕ ਛੋਟੀ ਜਿਹੀ ਗਲਤੀ ਵੀ ਬਰਦਾਸ਼ਤ ਨਹੀਂ ਕੀਤੀ ਜਾਂਦੀ, ਇਸ ਲਈ ਚੋਣ ਅਮਲੇ ਦਾ ਹਰ ਮੈਂਬਰ ਆਪਣੀ ਪੂਰੀ ਤਿਆਰੀ ਕਰੇ।
ਰਿਟਰਨਿੰਗ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੋਲਿੰਗ ਸਟਾਫ਼ ਦੀ ਅਗਲੀ ਰਿਹਰਸਲ 2 ਨਵੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਰਨ ਤਾਰਨ ਉਪ ਚੋਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਮੁੱਚਾ ਚੋਣ ਅਮਲ ਨਿਰਪੱਖ, ਅਮਨ ਤੇ ਅਜ਼ਾਦਾਨਾ ਮਹੌਲ ਵਿੱਚ ਮੁਕੰਮਲ ਹੋਵੇਗਾ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਦੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ।














